- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਢਲ ਮੰਦਿਰ ਨੇੜੇ ਕਾਰ ਦੀ ਭੰਨਤੋੜ, ਡਰਾਈਵਰ 'ਤੇ ਜਾਨਲੇਵਾ ਹਮਲਾ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਸੋਢਲ ਮੰਦਿਰ ਨੇੜੇ ਸ਼ਨਿਚਰਵਾਰ ਦੇਰ ਰਾਤ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਕਾਰ ਚਾਲਕ ’ਤੇ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਦੀ ਸੈਂਟਰੋ ਕਾਰ ਗੁਆਂਢ ’ਚ ਖੜ੍ਹੀ ਸੀ। ਦੇਰ ਰਾਤ ਅਚਾਨਕ ਬਾਹਰੋਂ ਉੱਚੀਆਂ ਆਵਾਜ਼ਾਂ ਸੁਣੀਆਂ ਗਈਆਂ। ਜਦੋਂ ਉਹ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਕਾਰ ਦੀ ਭੰਨਤੋੜ ਕਰਦੇ ਦੇਖਿਆ, ਜਿਸ ਨੇ ਪਹਿਲਾਂ ਹੀ ਉਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਸਨ। ਦੋਸ਼ ਹੈ ਕਿ ਹਮਲਾਵਰ ਨੇ ਕਾਰ ਚਾਲਕ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਮਨੀਸ਼ ਮਹਾਜਨ ਵਜੋਂ ਹੋਈ ਹੈ, ਜੋ ਘਟਨਾ ਸਮੇਂ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਸੀ। ਹਮਲੇ ਨੂੰ ਦੇਖਦੇ ਹੋਏ ਆਸ-ਪਾਸ ਦੇ ਲੋਕ ਘਟਨਾ ਸਥਾਨ ’ਤੇ ਇਕੱਠੇ ਹੋ ਗਏ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਕਰ ਲਿਆ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘਟਨਾ ਦੇ ਪਿੱਛੇ ਦੇ ਪੂਰੇ ਵੇਰਵਿਆਂ ਤੇ ਸੱਚਾਈ ਦਾ ਪਤਾ ਲਾਉਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।