
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਰ ਅੱਗੇ ਟਰੈਕਟਰ-ਟਰਾਲੀ ਆਉਣ ਕਾਰਨ ਜ਼ਬਰਦਸਤ ਟੱਕਰ, ਕਾਰ ਚਾਲਕ ਵਾਲ-ਵਾਲ ਬਚਿਆ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ ਤੋਂ ਬੱਲਾਂ ਰਾਹੀਂ ਜਲੰਧਰ ਨੂੰ ਜਾਂਦੀ ਬਿਸਤ ਦੁਆਬ ਨਹਿਰ ’ਤੇ ਰਾਏਪੁਰ ਰਸੂਲਪੁਰ ਸਥਿਤ ਬਾਬੇ ਜੋੜੇ ਪੁਲ ’ਤੇ ਸਵੇਰੇ ਕਰੀਬ 7:30 ਵਜੇ ਕਾਰ ਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋ ਗਈ। ਕਾਰ ਚਾਲਕ ਵਾਲ-ਵਾਲ ਬਚ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਲਿਜਾਇਆ ਗਿਆ। ਡਾਕਟਰੀ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਾਣਕਾਰੀ ਅਨੁਸਾਰ ਸੇਵਾਮੁਕਤ ਕੈਪਟਨ ਰਜਿੰਦਰ ਪਾਲ ਕਾਰ ਰਾਹੀਂ ਕਿਸ਼ਨਗੜ੍ਹ ਤੋਂ ਮਕਸੂਦਾ ਵੱਲ ਜਾ ਰਹੇ ਸਨ। ਜਦੋਂ ਉਹ ਰਾਏਪੁਰ ਰਸੂਲਪੁਰ ਨੇੜੇ ਬਾਬੇ ਜੋੜੇ ਪੁਲ ’ਤੇ ਪਹੁੰਚੇ ਤਾਂ ਅਚਾਨਕ ਸਾਹਮਣੇ ਗੁੱਜਰਾਂ ਦੇ ਡੇਰੇ ਵੱਲੋਂ ਆ ਰਹੀ ਟਰੈਕਟਰ-ਟਰਾਲੀ ਆ ਗਈ। ਇਸ ਦੌਰਾਨ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਕਾਰ ਚਾਲਕ ਦਾ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੀ 112 ਕੰਟਰੋਲ ਰੂਮ ਦੀ ਟੀਮ ਦੇ ਮੁਲਾਜ਼ਮ ਅਮਰਜੀਤ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਤੇ ਰਾਜਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।