- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਡਿਵਾਈਡਰ ਨਾਲ ਟਕਰਾ ਕੇ ਪਲਟਿਆ ਵੇਰਕਾ ਦੇ ਸਾਮਾਨ ਨਾਲ ਭਰਿਆ ਕੈਂਟਰ

-ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
-ਐੱਸਐੱਸਐੱਫ ਨੇ ਆਵਾਜਾਈ ਕਰਵਾਈ ਸੁਚਾਰੂ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੁਲਿਸ ਸਟੇਸ਼ਨ ਫਿਲੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਜੀਟੀ ਰੋਡ ਤੋਂ ਫਿਲੌਰ ਵੱਲ ਜਾਣ ਵਾਲੇ ਕੱਟ ਤੋਂ ਹੇਠਾਂ ਉਤਰਦੇ ਸਮੇਂ ਵੇਰਕਾ ਦਾ ਸਾਮਾਨ ਲੈ ਕੇ ਜਾ ਰਿਹਾ ਇਕ ਕੈਂਟਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਐੱਸਐੱਸਐੱਫ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ। ਮੌਕੇ ’ਤੇ ਮੌਜੂਦ ਵੇਰਕਾ ਦੇ ਡਿਸਟ੍ਰੀਬਿਊਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕੈਂਟਰ ਦਾ ਡਰਾਈਵਰ ਬਿਲਕੁਲ ਠੀਕ ਹੈ ਤੇ ਨਜ਼ਦੀਕੀ ਢਾਬੇ ’ਤੇ ਚਾਹ ਪੀ ਰਿਹਾ ਹੈ। ਇਸ ਤੋਂ ਬਾਅਦ ਡਰਾਈਵਰ ਨੂੰ ਮੌਕੇ ’ਤੇ ਬੁਲਾ ਕੇ ਹਾਦਸੇ ਸਬੰਧੀ ਪੁੱਛਗਿੱਛ ਕੀਤੀ ਗਈ। ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਜੀਟੀ ਰੋਡ ਤੋਂ ਫਿਲੌਰ ਵੱਲ ਜਾਣ ਵਾਲੇ ਕੱਟ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਬਾਈਕ ਆ ਰਹੀ ਸੀ। ਸਵਾਰ ਨੂੰ ਬਚਾਉਣ ਲਈ ਉਸ ਨੇ ਕੈਂਟਰ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਦਿਸਣ ਹੱਦ ਘੱਟ ਹੋਣ ਕਾਰਨ ਉਸ ਨੂੰ ਡਿਵਾਈਡਰ ਦਿਖਾਈ ਨਹੀਂ ਦਿੱਤਾ। ਇਸ ਕਾਰਨ ਕੈਂਟਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਐੱਸਐੱਸਐੱਫ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਸੇਫਟੀ ਕੋਨ ਲਾ ਕੇ ਸੜਕ ਨੂੰ ਸੁਰੱਖਿਅਤ ਕੀਤਾ। ਇਸ ਤੋਂ ਬਾਅਦ ਹਾਈਡਰਾ ਮਸ਼ੀਨ ਮੰਗਵਾ ਕੇ ਕੈਂਟਰ ਨੂੰ ਸਿੱਧਾ ਕਰਵਾ ਕੇ ਇਕ ਪਾਸੇ ਕਰਵਾਇਆ। ਸੜਕ ’ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਮੁੜ ਚਾਲੂ ਕਰਵਾਇਆ ਗਿਆ।