ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਤੇਜ਼ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ’ਚ ਤੇਜ਼ੀ
Publish Date: Wed, 09 Sep 2026 06:57 PM (IST)
Updated Date: Wed, 09 Sep 2026 06:58 PM (IST)
-ਚੋਣਾਂ ’ਚ ਜਿੱਤ ਪੱਕੀ ਕਰਨ ਲਈ ਨੁੱਕੜ ਮੀਟਿੰਗਾਂ ਤੇ ਪਾਰਟੀਆਂ ਦਾ ਦੌਰ ਜਾਰੀ -ਪ੍ਰਧਾਨ ਦੇ ਅਹੁਦੇ ਲਈ ਤਿੰਨ ਉਮੀਦਵਾਰਾਂ ’ਚ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਦਿਨ ਭਰ ਨੁੱਕੜ ਮੀਟਿੰਗਾਂ, ਡੋਰ ਟੂ ਡੋਰ ਪ੍ਰਚਾਰ ਸਮੇਤ ਚਾਅ ਪਾਰਟੀਆਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚਾਅ ਦੀਆਂ ਚੁਸਕੀਆਂ ਤੇ ਖਾਣੇ ਦੇ ਸੁਆਦ ਨਾਲ ਉਮੀਦਵਾਰਾਂ ਵੱਲੋਂ ਜੋੜ ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਨ੍ਹਾਂ ਚੋਣਾਂ ਲਈ ਕੁੱਲ 28 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਵੱਖ-ਵੱਖ ਅਹੁਦਿਆਂ ਲਈ 8 ਮਹਿਲਾ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਸਭ ਤੋਂ ਮੁੱਖ ਅਹੁਦੇ ਪ੍ਰਧਾਨ ਤੇ ਸਕੱਤਰ ਦੇ ਹੁੰਦੇ ਹਨ ਤੇ ਪ੍ਰਧਾਨ ਦੇ ਅਹੁਦੇ ਲਈ ਇਸ ਵਾਰ ਤਿੰਨ ਉਮੀਦਵਾਰ ਐਡਵੋਕੇਟ ਰਤਨ ਦੂਆ, ਤਰਸੇਮ ਸਿੰਘ ਟਾਕ ਤੇ ਰਜਿੰਦਰ ਕੁਮਾਰ ਚੋਣ ਮੈਦਾਨ ’ਚ ਹਨ ਤੇ ਇਨ੍ਹਾਂ ਤਿੰਨਾਂ ’ਚੋਂ ਬੇਸ਼ੱਕ ਐਡਵੋਕੇਟ ਰਤਨ ਦੂਆ ਦਾ ਪੱਲੜਾ ਕਾਫੀ ਭਾਰੀ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਤਿੰਨਾਂ ਉਮੀਦਵਾਰਾਂ ’ਚ ਹੀ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਦੂਜੇ ਸਭ ਤੋਂ ਅਹਿਮ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਤੇ ਐਡਵੋਕੇਟ ਰਾਕੇਸ਼ ਧੀਰ ਦੇ ਵਿਚਕਾਰ ਮੁਕਾਬਲਾ ਹੈ ਤੇ ਇਹ ਮੁਕਾਬਲਾ ਇਸ ਵਾਰ ਸਭ ਤੋਂ ਸਖ਼ਤ ਹੋਵੇਗਾ ਕਿਉਂ ਇਸ ਵਾਰ ਇਨ੍ਹਾਂ ਦੇ ਮੁਕਾਬਲੇ ’ਚ ਹਾਰ ਜਿੱਤ ਦਾ ਕੋਈ ਵੀ ਅੰਦਾਜਾ ਲਗਾਉਣਾ ਗਲਤ ਹੋਵੇਗਾ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਕੁਨਾਲ ਗੋਇਲ ਤੇ ਸੰਨ੍ਹੀ ਕੁਮਾਰ ਵਿਚਕਾਰ ਮੁਕਾਬਲਾ ਹੈ। ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਵੀ ਤਿੰਨ ਉਮੀਦਵਾਰਾਂ ’ਚ ਹੀ ਟੱਕਰ ਹੈ ਤੇ ਇਸ ਅਹੁਦੇ ਲਈ ਐਡਵੋਕੇਟ ਹਰਮਨਪ੍ਰੀਤ ਸਿੰਘ ਜੌਹਲ, ਐਡਵੋਕੇਟ ਪ੍ਰਦੀਪ ਕੁਮਾਰ ਸ਼ਰਮਾ, ਐਡਵੋਕੇਟ ਰੌਬਿਨ ਸੇਠੀ ਚੋਣ ਮੈਦਾਨ ’ਚ ਹਨ। ਇਸ ਤੋਂ ਇਲਾਵਾ ਮੀਤ ਪ੍ਰਧਾਨ ਦੇ ਅਹੁਦੇ ਲਈ ਇਸ ਵਾਰ ਮੁਕਾਬਲਾ ਮਹਿਲਾ ਵਕੀਲਾਂ ’ਚ ਹੈ ਤੇ ਇਸ ਅਹੁਦੇ ਲਈ ਦੋ ਮਹਿਲਾ ਵਕੀਲ ਛਾਇਆ ਖੁੱਲਰ ਤੇ ਸੁਦੇਸ਼ ਕੁਮਾਰੀ ਚੋਣ ਮੈਦਾਨ ’ਚ ਹਨ ਤੇ ਇਨ੍ਹਾਂ ’ਚ ਕਿਸੇ ਦੇ ਵੀ ਪੱਲੜੇ ਨੂੰ ਹਲਕਾ ਨਹੀਂ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਸਹਾਇਕ ਸਕੱਤਰ ਦੇ ਅਹੁਦੇ ਲਈ ਵੀ ਦੋ ਮਹਿਲਾਂ ਉਮੀਦਵਾਰਾਂ ਐਡਵੋਕੇਟ ਮਧੂ ਬਾਲਾ ਸ਼ਰਮਾ ਤੇ ਐਡਵੋਕੇਟ ਰਵੀਨਾ ਸੇਠੀ ਵਿਚਕਾਰ ਮੁਕਾਬਲਾ ਹੈ ਤੇ ਇਨ੍ਹਾਂ ਦੋ ਮੁੱਖ ਅਹੁਦਿਆਂ ਲਈ ਵੀ ਚਾਰ ਮਹਿਲਾ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸੇ ਤਰ੍ਹਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਧੀਰਜ ਕੁਮਾਰ ਭਗਤ ਅਤੇ ਐਡਵੋਕੇਟ ਕ੍ਰਿਸ਼ਨ ਕੁਮਾਰ ਸ਼ਰਮਾ ਵਿਚਕਾਰ ਮੁਕਾਬਲਾ ਹੈ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰ ਲਈ 12 ਉਮੀਦਵਾਰ ਚੋਣ ਮੈਦਾਨ ’ਚ ਹਨ ਜਿਨ੍ਹਾਂ ਵਿਚੋਂ 10 ਉਮੀਦਵਾਰ ਚੁਣੇ ਜਾਣਗੇ। ਇਨ੍ਹਾਂ ਉਮੀਦਵਾਰਾਂ ’ਚ ਐਡਵੋਕੇਟ ਅਨੂੰ ਸੋਢੀ, ਅਪੁਰਵਾ ਬਖ਼ਸ਼ੀ, ਐਰਿਕ ਕੁਮਾਰ, ਅਸ਼ਵਨੀ ਦਾਦਰਾ, ਬਲਵਿੰਦਰ ਕੌਰ, ਹਿਤੇਨ, ਮਾਨਵੀ ਉੱਪਲ, ਮੋਹਿਤ ਸੇਪਲਾ, ਨਵਨੀਤ ਕੌਰ, ਰੋਹਿਤ ਮਸੀਹ, ਰੋਹਨ ਕਾਂਤ ਅਤੇ ਤੇਜਿੰਦਰ ਸਿੰਘ ਚੋਣ ਮੈਦਾਨ ’ਚ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਵੱਖ-ਵੱਖ ਅਹੁਦਿਆਂ ਲਈ ਕੁੱਲ 8 ਮਹਿਲਾ ਉਮੀਦਵਾਰ ਹੀ ਚੋਣ ਮੈਦਾਨ ’ਚ ਹਨ ਤੇ ਜੇ ਮਹਿਲਾ ਉਮੀਦਵਾਰਾਂ ਦੇ ਹੱਕ ’ਚ ਵੋਟਿੰਗ ਹੁੰਦੀ ਹੈ ਤੇ ਇਸ ਵਾਰ ਬਾਰ ਦੀ ਨਵੀਂ ਕਮੇਟੀ ਮਹਿਲਾ ਸ਼ਕਤੀ ਵਾਲੀ ਹੋਵੇਗੀ। ਚੋਣ ਅਧਿਕਾਰੀ ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 11 ਸਤੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਤਕਰੀਬਨ 3400 ਉਮੀਦਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਤੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਤੇ ਉਸੇ ਦਿਨ ਦੇਰ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।