- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਸਤ ਦੁਆਬ ਨਹਿਰ ਓਵਰਫਲੋਅ ਹੋਣ ਕਾਰਨ ਬਗੇਹਾੜਪੁਰਾ ਤੇ ਕਮਾਲਪੁਰਾ 'ਚ ਵੜਿਆ ਪਾਣੀ

-ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ ਤੇ ਮੁਲਾਜ਼ਮਾਂ ਨੇ ਮਿੱਟੀ ਦੀਆਂ ਬੋਰੀਆਂ ਲਗਵਾ ਕੇ ਰੋਕਿਆ ਵਹਾਅ
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ :
ਨਕੋਦਰ ਖੇਤਰ ’ਚੋਂ ਲੰਘਦੀ ਬਿਸਤ ਦੁਆਬ ਨਹਿਰ ਅੱਜ ਸਵੇਰੇ ਕਰੀਬ 6:30 ਵਜੇ ਅਚਾਨਕ ਓਵਰਫਲੋਅ ਹੋ ਗਈ। ਨਹਿਰ ਦੇ ਕਿਨਾਰਿਆਂ ਤੋਂ ਉੱਪਰੋਂ ਵਹਿ ਕੇ ਨਿਕਲੇ ਪਾਣੀ ਨੇ ਕਪੂਰਥਲਾ ਚੌਕ ਨੇੜਲੇ ਨੀਵੇਂ ਰਿਹਾਇਸ਼ੀ ਇਲਾਕਿਆਂ ਮੁਹੱਲਾ ਬਗੇਹਾੜਪੁਰਾ ਅਤੇ ਕਮਾਲਪੁਰਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਾਣੀ ਸੜਕਾਂ ਅਤੇ ਗਲੀਆਂ ਨੂੰ ਡੋਬਦਾ ਹੋਇਆ ਸਿੱਧਾ ਝੋਨੇ ਦੇ ਖੇਤਾਂ ਤੱਕ ਜਾ ਪਹੁੰਚਿਆ। ਸਥਾਨਕ ਵਾਸੀਆਂ ਨੇ ਦੱਸਿਆ ਕਿ ਤਿੰਨ ਸਾਲ ਬਾਅਦ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਫਿਰ ਉਹੀ ਸਥਿਤੀ ਬਣ ਗਈ। ਲੋਕਾਂ ਅਨੁਸਾਰ ਪਿਛਲੇ ਦੋ-ਤਿੰਨ ਦਿਨਾਂ ਤੋਂ ਪਾਣੀ ਕਿਨਾਰਿਆਂ ਤੋਂ ਇੱਕ-ਡੇਢ ਫੁੱਟ ਹੇਠਾਂ ਵਹਿ ਰਿਹਾ ਸੀ। ਬੀਤੀ ਰਾਤ ਪਿੱਛੋਂ ਭਾਰੀ ਪਾਣੀ ਛੱਡੇ ਜਾਣ ਕਾਰਨ ਤੜਕੇ ਜਲ ਪੱਧਰ ਅਚਾਨਕ ਵੱਧ ਗਿਆ ਅਤੇ ਪਾਣੀ ਕਿਨਾਰਿਆਂ ਤੋਂ ਉੱਛਲਣ ਲੱਗਾ। ਨਹਿਰ ਕੋਲ ਸਥਿਤ ਦੋ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਮੁੱਖ ਮਾਰਗਾਂ 'ਤੇ ਜਲ-ਥਲ ਹੋਣ ਕਾਰਨ ਸੰਗਤ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਮੁਹੱਲਾ ਨਿਵਾਸੀ ਮੋਹਨ ਲਾਲ ਨੇ ਦੱਸਿਆ ਕਿ ਸਵੇਰੇ ਕਰੀਬ 6:00 ਵਜੇ ਪਾਣੀ ਮਕਾਨਾਂ ਨੇੜੇ ਪਹੁੰਚਣ 'ਤੇ ਵਾਰਡ ਦੇ ਐੱਮ.ਸੀ. ਅਤੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਕੌਂਸਲ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ। ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸ਼ੇਰਪੁਰ ਖ਼ੁਦ ਮੌਕੇ 'ਤੇ ਹਾਜ਼ਰ ਰਹੇ ਅਤੇ ਆਪਣੀ ਦੇਖ-ਰੇਖ ਹੇਠ ਰਾਹਤ ਕਾਰਜ ਸ਼ੁਰੂ ਕਰਵਾਇਆ। ਮੁਲਾਜ਼ਮਾਂ ਨੇ ਜੇ.ਸੀ.ਬੀ. ਦੀ ਮਦਦ ਨਾਲ ਮਿੱਟੀ ਦਾ ਪ੍ਰਬੰਧ ਕਰਕੇ ਬੋਰੀਆਂ ਭਰੀਆਂ ਅਤੇ ਕਿਨਾਰਿਆਂ 'ਤੇ ਰੱਖ ਕੇ ਵਹਾਅ ਨੂੰ ਰੋਕਿਆ। ਕੁਝ ਸਮੇਂ ਬਾਅਦ ਪਾਣੀ ਦਾ ਵਹਾਅ ਆਮ ਵਾਂਗ ਹੋਇਆ ਅਤੇ ਬਾਹਰ ਪਾਣੀ ਨਿਕਲਣਾ ਬੰਦ ਹੋਇਆ। ਦੂਜੇ ਪਾਸੇ, ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਇਲਾਕਾ ਨਿਵਾਸੀਆਂ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਹਾਲੇ ਸਿਰਫ਼ ਇੱਕ ਟੈਂਪਰੇਰੀ (ਆਰਜ਼ੀ) ਹੱਲ ਕੱਢਿਆ ਗਿਆ ਹੈ। ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਅੱਗੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਦਾ ਤੁਰੰਤ ਕੋਈ ਠੋਸ ਤੇ ਪੱਕਾ ਹੱਲ ਕੱਢਿਆ ਜਾਵੇ।