- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੇ ਜਸਟ ਰਾਈਟਸ ਫਾਰ ਚਿਲਡਰਨ ਅਲਾਇੰਸ ਦੇ ਸਹਿਯੋਗ ਨਾਲ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਵੱਲੋਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਅੰਮ੍ਰਿਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਮੋਗਾ ਅਤੇ ਸੰਗਰੂਰਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਬਾਲ ਤਸਕਰੀ, ਬਾਲ ਵਿਆਹ ਤੇ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਇਸ ਪਹਿਲਕਦਮੀ ਤਹਿਤ ਨੀਤੀ ਆਯੋਗ ਅਧੀਨ ਆਉਂਦੇ 10 ਆਕਾਂਖੀ ਵਿਕਾਸ ਬਲਾਕਾਂ ’ਚ ਬਾਲ ਅਧਿਕਾਰ ਸਹਿਯੋਗੀਆਂ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਸਹਿਯੋਗੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰਕੇ ਜ਼ਮੀਨੀ ਪੱਧਰ ’ਤੇ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਨਗੇ। ਸੰਗਠਨ ਦੇ ਪ੍ਰਧਾਨ ਪਰਮਜੀਤ ਸਿੰਘ ਬਡੋਲਾ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਦੇ ਸਹਿਯੋਗ ਨਾਲ ਪੰਜਾਬ ਨੂੰ ਬਾਲ ਮਜ਼ਦੂਰੀ ਤੇ ਬਾਲ ਵਿਆਹ ਤੋਂ ਮੁਕਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ। ਪ੍ਰਾਜੈਕਟ ਨੂੰ ਸਫਲਤਾਪੂਰਵਕ ਚਲਾਉਣ ਲਈ ਜਲੰਧਰ ਸਥਿਤ ਅਪਾਹਿਜ ਆਸ਼ਰਮ ਵਿਖੇ ਸਟੇਟ ਇੰਟਰਵੈਂਸ਼ਨ ਅਫ਼ਸਰ, ਅਸਿਸਟੈਂਟ ਸਟੇਟ ਇੰਟਰਵੈਂਸ਼ਨ ਅਫ਼ਸਰ, ਜ਼ਿਲ੍ਹਾ ਕੋਆਰਡੀਨੇਟਰ, ਕਮਿਊਨਿਟੀ ਸੋਸ਼ਲ ਵਰਕਰ ਅਤੇ ਬਾਲ ਅਧਿਕਾਰ ਸਹਿਯੋਗੀ ਦੇ ਅਹੁਦਿਆਂ ਲਈ ਇੰਟਰਵਿਊ ਕਰਵਾਏ ਗਏ। ਇਸ ਮੌਕੇ ਅਪਾਹਿਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ‘ਬਾਲ ਵਿਆਹ ਮੁਕਤ ਭਾਰਤ’ ਦਾ ਯਾਦਗਾਰੀ ਚਿੱਤਰ ਭੇਟ ਕੀਤਾ ਗਿਆ। ਚੇਅਰਮੈਨ ਤਰਸੇਮ ਕਪੂਰ ਨੇ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇੰਟਰਵਿਊ ਬੋਰਡ ’ਚ ਪਰਵਿੰਦਰ ਕੌਰ, ਡਾ. ਨੀਲਮ ਛਿਕਾਰਾ, ਲੱਛਮਣ ਸਿੰਘ ਮਾਨ, ਡਾ. ਸੁਖਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਸੋਢੀ ਨੇ ਅਹਿਮ ਸਹਿਯੋਗ ਦਿੱਤਾ।