ਡੇਅਰੀ ਕੰਪਲੈਕਸ ਜਮਸ਼ੇਰ ਖ਼ਾਸ ਵਿਖੇ ਦੁੱਧ ਦੇ ਭਾਅ ਵਧਾਉਣ ਲਈ ਮੁਹਿੰਮ ਡੇਅਰੀ ਕੰਪਲੈਕਸ ਜਮਸ਼ੇਰ ਖ਼ਾਸ ਵਿਖੇ ਦੁੱਧ ਦੇ ਭਾਅ ਵਧਾਉਣ ਲਈ ਮੁਹਿੰਮ
Publish Date: Wed, 30 Sep 2026 09:52 PM (IST)
Updated Date: Wed, 30 Sep 2026 09:54 PM (IST)
--ਡੇਅਰੀ ਫਾਰਮਰਾਂ ਦੀ ਏਕਤਾ ਸਦਕਾ 42 ਹਜ਼ਾਰ ਲੀਟਰ ਦੁੱਧ ਟੈਂਕਰਾਂ ਰਾਹੀਂ ਬਾਹਰ ਭੇਜਿਆ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਡੇਅਰੀ ਕੰਪਲੈਕਸ ਜਮਸ਼ੇਰ ਖ਼ਾਸ ਵਿਖੇ ਡੇਅਰੀ ਫਾਰਮਰਾਂ ਵੱਲੋਂ ਦੁੱਧ ਅਤੇ ਫੈਟ ਦੇ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਸਮੂਹ ਡੇਅਰੀ ਮਾਲਕਾਂ ਨੇ ਫੈਟ ਡੇਅਰੀ ਵਾਲਿਆਂ ਨੂੰ ਦੁੱਧ ਬੰਦ ਕਰਨ ਦੀ ਕਾਲ ਨੂੰ ਪੂਰਨ ਸਮਰਥਨ ਦਿੱਤਾ । ਖ਼ੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਡੇਅਰੀ ਮਾਲਕ ਦੁੱਧ ਦਾ ਯੋਗ ਭਾਅ ਲੈਣ ਦੀ ਮੰਗ ਤੇ ਪੂਰੀ ਤਰ੍ਹਾਂ ਅੜੇ ਹੋਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਮੁੱਖ ਡੇਅਰੀ ਫਾਰਮਰ ਸਾਬੀ ਸਰਪੰਚ ਡੇਅਰੀ ਫਾਰਮ, ਬਲਦੇਵ ਡੇਅਰੀ, ਚਾਵਲਾ ਡੇਅਰੀ ਫਾਰਮ ਅਤੇ ਹੋਰਨਾਂ ਮਾਲਕਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਸ਼ੂਆਂ ਦੇ ਚਾਰੇ, ਤੂੜੀ, ਖਲ, ਦਵਾਈਆਂ ਅਤੇ ਹੋਰ ਖੁਰਾਕੀ ਸਮੱਗਰੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਕਾਰਨ ਡੇਅਰੀ ਧੰਦਾ ਵੱਡੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਦੁੱਧ ਖਰੀਦਦਾਰਾਂ ਵੱਲੋਂ ਲਗਾਤਾਰ ਡੇਅਰੀ ਮਾਲਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਦੁੱਧ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ। ਡੇਅਰੀ ਆਗੂਆਂ ਨੇ ਮੰਗ ਕੀਤੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦੇ ਹੋਏ ਗਾਂ ਅਤੇ ਮੱਝ ਦੇ ਦੁੱਧ ਦਾ ਮੁੱਲ ਅਤੇ ਫੈਟ ਦੇ ਰੇਟ ਤੁਰੰਤ ਵਧਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਫੈਟ ਦੇ ਪ੍ਰਤੀ ਕਿਲੋ ਰੇਟ ਕਾਫੀ ਘੱਟ ਹਨ, ਜਿਸ ਕਾਰਨ ਡੇਅਰੀ ਮਾਲਕਾਂ ਨੂੰ ਰੋਜ਼ਾਨਾ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ । ਡੇਅਰੀ ਫਾਰਮਰਾਂ ਨੇ ਫੈਟ ਡੇਅਰੀ ਵਾਲਿਆਂ ਨੂੰ ਦੁੱਧ ਬੰਦ ਕਰਨ ਦੀ ਕਾਲ ਦੌਰਾਨ ਆਪਸੀ ਭਾਈਚਾਰੇ ਅਤੇ ਹਿੰਮਤ ਦੀ ਵਿਲੱਖਣ ਮਿਸਾਲ ਪੇਸ਼ ਕੀਤੀ। ਸਾਬੀ ਸਰਪੰਚ ਅਤੇ ਬਲਦੇਵ ਨੇ ਦੱਸਿਆ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਸਵੇਰ ਦੇ ਸਮੇਂ ਲਗਭਗ 20,000 ਲੀਟਰ ਦੁੱਧ ਅਤੇ ਸ਼ਾਮ ਦੇ ਸਮੇਂ ਵੀ ਮੁਸਤੈਦੀ ਦਿਖਾਉਂਦੇ ਹੋਏ 22,000 ਲੀਟਰ ਦੁੱਧ ਇਕੱਠਾ ਕਰਕੇ ਪ੍ਰਾਈਵੇਟ ਟੈਂਕਰ ਰਾਹੀਂ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੂਹ ਡੇਅਰੀ ਮਾਲਕਾਂ ਦੀ ਏਕਤਾ ਸਦਕਾ ਅੱਜ ਪੂਰੇ ਦਿਨ ਵਿੱਚ ਕੁੱਲ 42,000 ਲੀਟਰ ਦੁੱਧ ਇਕੱਠਾ ਕਰਕੇ ਪ੍ਰਾਈਵੇਟ ਟੈਂਕਰਾਂ ਰਾਹੀਂ ਸਪਲਾਈ ਕੀਤਾ ਗਿਆ। ਡੇਅਰੀ ਆਗੂਆਂ ਨੇ ਆਖਿਆ ਕਿ ਇਹ ਸਿਰਫ਼ ਦੁੱਧ ਦੀ ਮਾਤਰਾ ਨਹੀਂ, ਸਗੋਂ ਡੇਅਰੀ ਫਾਰਮਰਾਂ ਦੀ ਆਪਸੀ ਸਾਂਝ, ਭਰੋਸੇ ਅਤੇ ਹੱਕਾਂ ਲਈ ਲੜਨ ਦੀ ਸਾਂਝੀ ਤਾਕਤ ਦਾ ਪ੍ਰਤੀਕ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਦੁੱਧ ਦੇ ਭਾਅ ਵਾਜਿਬ ਨਹੀਂ ਕੀਤੇ ਜਾਂਦੇ, ਉਨ੍ਹਾਂ ਦਾ ਸੰਘਰਸ਼ ਅਤੇ ਏਕਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਰ ਭਾਈਚਾਰਾ ਇੱਕਜੁੱਟ ਹੋ ਕੇ, ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ ਤਾਂ ਸਾਡੀ ਸਾਂਝੀ ਤਾਕਤ ਬਹੁਤ ਮਜ਼ਬੂਤ ਹੁੰਦੀ ਹੈ। ਇਸ ਮੌਕੇ ਗੁਲਸ਼ਨ ਚੋਪੜਾ, ਅਵਤਾਰ ਸਿੰਘ ,ਆਸ਼ੀ ਢੱਲ, ਸ਼ਿਵਮ ਭੁੱਲਰ ਡੇਅਰੀ ,ਭੋਲਾ ,ਰਾਕੇਸ਼ ਕੁਮਾਰ, ਸੰਜੀਵ ਜੈਨ ਪ੍ਰੇਮ ਡੇਅਰੀ, ਬੰਟੀ ਕਪੂਰ,ਬਿੱਟੂ, ਬਲਵੀਰ ਕੌਰ, ਰਾਜੂ ਆੜਤੀਆ, ਸੰਜੇ ਕਪੂਰ, ਚਾਦਰ ਮੁਖਤਿਆਰ ਸਿੰਘ, ਕੁਲਵੀਰ ਸਿੰਘ, ਰਕੇਸ਼ ਜੈਨ, ਨਿਰਵੇਰ ਸਿੰਘ ਲੱਕੀ, ਦੀਪਕ ਗੋਗੀ, ਹਨੀ ਜੈਨ, ਨਿਤਿਨ ਧਵਨ, ਸ਼ੇਖਰ, ਜੋਲੀ, ਵਾਸੂ ਜੈਨ, ਰਮੇਸ਼ ਕੁਮਾਰ, ਭੋਲਾ ਕਿੱਡੀ, ਅਜੀਤ ਕੁਮਾਰ, ਗਗਨ, ਰਾਕੇਸ਼, ਅਮਨਦੀਪ ਸਿੰਘ ਲੱਕੀ, ਲਖਬੀਰ ਸਿੰਘ, ਪੰਨੂ, ਕਮਲੇਸ਼, ਹਰੀਸ਼ ਕੁਮਾਰ ਜੱਸੀ ਅਤੇ ਲੱਕੀ ਹਾਜ਼ਰ ਸਨ।