- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਮਿਸਾਲ ਸਫਲ ਰਿਹਾ ਕੁੱਲ ਹਿੰਦ ਕਿਸਾਨ ਮਹਾਸਭਾ ਦਾ ਪੰਜਵਾਂ ਕੌਮੀ ਮਹਾਸੰਮੇਲਨ

ਡਾ. ਅਜਨਾਲਾ ਪ੍ਰਧਾਨ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਜਨਰਲ ਸਕੱਤਰ ਚੁਣੇ ਗਏ
ਮਹਿੰਦਰ ਰਾਮ ਫੁੱਗਲਾਣਾ, ਪੰਜਾਾਬੀ ਜਾਗਰਣ, ਜਲੰਧਰ
ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਬਾਬਾ ਜਵਾਲਾ ਸਿੰਘ ਠੱਠੀਆਂ ਹਾਲ’ ਵਿਖੇ ਚੱਲ ਰਿਹਾ ‘ਕੁਲ ਹਿੰਦ ਕਿਸਾਨ ਮਹਾਸਭਾ’ ਦਾ ਪੰਜਵਾਂ ਕੌਮੀ ਮਹਾਸੰਮੇਲਨ ਪੂਰਨ ਸਫਲਤਾ ਨਾਲ ਸੰਪੰਨ ਹੋ ਗਿਆ। ਇਸ ’ਚ 20 ਪ੍ਰਾਂਤਾਂ ਦੇ 1 ਹਜ਼ਾਰ ਤੋਂ ਵਧੇਰੇ ਡੈਲੀਗੇਟ ਸ਼ਾਮਲ ਹੋਏ। ਸਰਬਸੰਮਤੀ ਨਾਲ 147 ਮੈਂਬਰੀ ਕੌਮੀ ਕੌਂਸਲ ਤੇ 57 ਮੈਂਬਰੀ ਕੌਮੀ ਕਾਰਜਕਾਰਨੀ ਦੀ ਚੋਣ ਕੀਤੀ ਹੈ। ਕੌਮੀ ਕੌਂਸਲ ਨੇ ਸੰਖੇਪ ਮੀਟਿੰਗ ਕਰਕੇ ਉੱਘੇ ਕਿਸਾਨ ਘੁਲਾਟੀਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਨੂੰ ਕ੍ਰਮਵਾਰ ਕੌਮੀ ਪ੍ਰਧਾਨ ਤੇ ਜਨਰਲ ਸਕੱਤਰ ਚਣਿਆ ਹੈ। ਇਸ ਤੋਂ ਇਲਾਵਾ 8 ਸੀਨੀਅਰ ਕਿਸਾਨ ਆਗੂ ਵਿਸ਼ੇਸ਼ ਇਨਵਾਈਟੀ ਨਿਯੁਕਤ ਕੀਤੇ ਗਏ ਹਨ।
ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਸਖਤ ਬਿਮਾਰ ਹੋਣ ਕਾਰਨ ਕਾਨਫਰੰਸ ਵਿਚ ਪੂਰਾ ਸਮਾਂ ਹਾਜ਼ਰ ਨਹੀਂ ਰਹਿ ਸਕੇ। ਪਿਛਲੇ ਜਨਰਲ ਸਕੱਤਰ ਤੇ ਲੋਕ ਸਭਾ ਦੇ ਮੌਜੂਦਾ ਮੈਂਬਰ ਸਾਥੀ ਰਾਜਾ ਰਾਮ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਦੌਰਾਨ, ਭਾਰਤੀ ਹਾਕਮ ਵਰਗਾਂ ਦੇ ਅੱਜ ਤੱਕ ਦੇ ਸਭ ਤੋਂ ਵਫਾਦਾਰ ਚਾਕਰ ਨਰਿੰਦਰ ਮੋਦੀ ਵੱਲੋਂ ਸਾਮਰਾਜੀ ਲੋਟੂਆਂ, ਖਾਸ ਕਰਕੇ ਅਮਰੀਕਾ ਨਾਲ ਅਸਾਵੀਆਂ ਸ਼ਰਤਾਂ ਤਹਿਤ ਕੀਤੀਆਂ ਜਾ ਰਹੀਆਂ ‘‘ਕਰ ਮੁਕਤ ਵਪਾਰ ਸੰਧੀਆਂ’’ ਖਿਲਾਫ਼ ਆਰ-ਪਾਰ ਦਾ ਲੋਕ-ਯੁੱਧ ਵਿੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦੀ ਵਿਸ਼ਾਲ ਬਹੁ ਗਿਣਤੀ ਵਸੋਂ ਨੂੰ ਕੰਗਾਲ ਕਰਕੇ ਮੁੱਠੀ ਭਰ ਧਨਾਢਾਂ ਦੇ ਹਿਤ ਪੂਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ ਯੁੱਧ ਪ੍ਰਚੰਡ ਕੀਤੇ ਬਗੈਰ ਕਿਸਾਨ ਲਹਿਰ ਆਪਣੇ ਮਿਥੇ ਟੀਚੇ ਕਦੀ ਵੀ ਹਾਸਲ ਨਹੀਂ ਕਰ ਸਕੇਗੀ। ਸਾਥੀ ਸਿੰਘ ਨੇ ਕਿਸਾਨ ਲਹਿਰ ਨੂੰ, ਲੋਕਾਂ ਦੀ ਹੋਂਦ ਨਾਲ ਜੁੜੇ ਸਿਆਸੀ ਸਵਾਲਾਂ ਤੋਂ ਬੇਮੁੱਖ ਕਰਨ ਵਾਲੇ ਅਖੌਤੀ ਕਿਸਾਨ ਸੰਗਠਨਾਂ ਨੂੰ ਵੀ ਕਰੜੇ ਹੱਥੀਂ ਲਿਆ।
ਨਵੇਂ ਚੁਣੇ ਗਏ ਪ੍ਰਧਾਨ ਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਨੇ ਭਰੋਸਾ ਦਿਵਾਇਆ ਹੈ ਕਿ ਸੰਮੇਲਨ ਦੌਰਾਨ ਉੱਭਰ ਕੇ ਆਈ ਭਾਵਨਾ ਦੇ ਅਨੁਰੂਪ ਸੰਗਠਨ ਦੇ ਦੇਸ਼ ਭਰ ’ਚ ਪਸਾਰ ਅਤੇ ਮਜ਼ਬੂਤੀ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਸੰਗਠਨ ਦੀ ਬਿਹਤਰੀ ਲਈ ਇਸਤਰੀਆਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਦੀ ਠੋਸ ਯੋਜਨਾਬੰਦੀ ਉਲੀਕੀ ਜਾਵੇਗੀ। ਜ਼ੋਰਦਾਰ, ਆਕਾਸ਼ ਗੁੰਜਾਊ ਨਾਅਰਿਆਂ ਦਰਮਿਆਨ ਪੰਜਵੀਂ ਕੌਮੀ ਕਾਨਫਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।