ਕੈਬਨਿਟ ਮੰਤਰੀ ਮਹਿੰਦਰ ਭਗਤ ਲਹਿਰਾਉਣਗੇ ਤਿਰੰਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ’ਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਲਹਿਰਾਉਣਗੇ ਤਿਰੰਗਾ
Publish Date: Fri, 14 Aug 2026 09:35 PM (IST)
Updated Date: Fri, 14 Aug 2026 09:38 PM (IST)
-ਝਾਕੀਆਂ ਨਹੀਂ ਸਜਾਈਆਂ ਜਾਣਗੀਆਂ, ਸਿਰਫ਼ ਮਾਰਚ ਪਾਸਟ ਹੋਵੇਗਾ -ਵੱਖ-ਵੱਖ ਖੇਤਰਾਂ ’ਚ ਬਿਹਤਰ ਸੇਵਾਵਾਂ ਦੇਣ ਵਾਲੇ 150 ਤੋਂ ਵੱਧ ਲੋਕ ਕੀਤੇ ਜਾਣਗੇ ਸਨਮਾਨਿਤ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ 15 ਅਗਸਤ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ’ਚ ਇਸ ਵਾਰ ਕੈਬਨਿਟ ਮੰਤਰੀ ਮਹਿੰਦਰ ਭਗਤ ਤਿਰੰਗਾ ਲਹਿਰਾਉਣਗੇ। ਸਟੇਡੀਅਮ ’ਚ ਹੋਣ ਵਾਲੇ ਇਸ 80ਵੇਂ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਸਵੇਰੇ 9 ਵਜੇ ਸ਼ੁਰੂ ਹੋਣ ਵਾਲਾ ਆਜ਼ਾਦੀ ਦਿਵਸ ਸਮਾਗਮ ਕਰੀਬ ਦੋ ਘੰਟੇ ਚੱਲੇਗਾ। ਇਸ ਵਾਰ ਸਮਾਗਮ ’ਚ ਕਿਸੇ ਵੀ ਤਰ੍ਹਾਂ ਦੀਆਂ ਝਾਕੀਆਂ ਨਹੀਂ ਸਜਾਈਆਂ ਜਾਣਗੀਆਂ, ਜਦਕਿ ਵੱਖ-ਵੱਖ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ। ਆਜ਼ਾਦੀ ਦਿਵਸ ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਕੈਬਨਿਟ ਮੰਤਰੀ ਵੱਲੋਂ ਝੰਡਾ ਲਹਿਰਾਉਣ ਨਾਲ ਹੋਵੇਗੀ। ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਜਾਵੇਗਾ। ਇਸ ਉਪਰੰਤ ਕੈਬਨਿਟ ਮੰਤਰੀ ਸੰਦੇਸ਼ ਦੇਣਗੇ ਤੇ ਵੱਖ-ਵੱਖ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈਸਾਈਕਲ ਵੀ ਭੇਟ ਕੀਤੇ ਜਾਣਗੇ। ਇਸ ਤੋਂ ਬਾਅਦ ਪੀਟੀ ਸ਼ੋਅ ਤੇ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਵੱਖ-ਵੱਖ ਖੇਤਰਾਂ ’ਚ ਬਿਹਤਰ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਦਾ ਸਨਮਾਨ ਤੇ ਇਨਾਮ ਵੰਡ ਸਮਾਗਮ ਵੀ ਹੋਵੇਗਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਜਾਵੇਗੀ। ਓਧਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਤਹਿਤ ਸਟੇਡੀਅਮ ’ਚ ਸਵੇਰੇ 8 ਵਜੇ ਤੱਕ ਪੁੱਜਣਾ ਹੋਵੇਗਾ। ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦਾ ਬੈਗ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਮਾਗਮ ਲਈ ਜਾਰੀ ਕੀਤੇ ਗਏ ਸੱਦਾ ਪੱਤਰ ਦੇ ਆਧਾਰ ’ਤੇ ਹੀ ਸਟੇਡੀਅਮ ’ਚ ਦਾਖਲਾ ਮਿਲੇਗਾ, ਜਿਸ ਵਿਅਕਤੀ ਦੇ ਨਾਂ ’ਤੇ ਸੱਦਾ ਪੱਤਰ ਜਾਰੀ ਕੀਤਾ ਗਿਆ ਹੈ, ਸਿਰਫ਼ ਉਹੀ ਇਸ ਦੇ ਆਧਾਰ ’ਤੇ ਸਮਾਗਮ ਵਿੱਚ ਦਾਖਲ ਹੋ ਸਕੇਗਾ। ਇਸ ਵਾਰ ਆਜ਼ਾਦੀ ਦਿਵਸ ਸਮਾਗਮ ’ਚ 150 ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।