- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਗੇਟ ਦਾ ਰੱਖਿਆ ਨੀਂਹ ਪੱਥਰ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਬਸਤੀ ਦਾਨਿਸ਼ਮੰਦਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਗੇਟ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ। ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ (ਪਠਾਨਕੋਟ ਵਾਲੇ) ਦੀ ਮੌਜੂਦਗੀ ’ਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਉਦੇਸ਼ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣਾ ਤੇ ਸ਼ਰਧਾਲੂਆਂ ਨੂੰ ਇਕ ਸ਼ਾਨਦਾਰ ਸੌਗਾਤ ਦੇਣਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਕੈਬਿਨੇਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਤਗਿੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿਸ਼ਾਲ ਸਮਾਗਮ ਨੂੰ ਮਨਾਉਣ ਲਈ ਸੂਬੇ ਭਰ ’ਚ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਰਾਜ ਪੱਧਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ’ਚ ਜ਼ਿਲ੍ਹਾ ਪੱਧਰੀ ਕੀਰਤਨ ਦਰਬਾਰ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਫਲਸਫੇ ਨੂੰ ਦਰਸਾਉਂਦੇ ਡਰੋਨ ਸ਼ੋਅ ਤੇ 12,000 ਤੋਂ ਵੱਧ ਪਿੰਡਾਂ ’ਚ ਦਸਤਾਵੇਜ਼ੀ ਫਿਲਮਾਂ ਦਾ ਪ੍ਰਦਰਸ਼ਨ ਸ਼ਾਮਲ ਹੈ। ਇਸ ਤੋਂ ਇਲਾਵਾ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਲਈ ਪਿੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਵੀ ਸਥਾਪਤ ਕੀਤਾ ਜਾ ਰਿਹਾ ਹੈ।