
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮਿੱਠੂ ਬਸਤੀ ਇਲਾਕੇ ’ਚ ਤਿੰਨ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

-ਕਿਹਾ-1.93 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸੜਕੀ ਸੰਪਰਕ ਹੋਵੇਗਾ ਬਿਹਤਰ
ਪੱਤਰ ਪ੍ਰੇਰਕ, ਪਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਸੋਮਵਾਰ ਨੂੰ ਵਾਰਡ ਨੰਬਰ 56 ’ਚ ਪੈਂਦੇ ਵੱਖ-ਵੱਖ ਇਲਾਕਿਆਂ ’ਚ 1.93 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਭਗਤ ਨੇ ਕਿਹਾ ਕਿ ਜਲੰਧਰ ਭਰ ’ਚ ਨਿਯਮਿਤ ਢੰਗ ਨਾਲ ਵੱਡੀ ਗਿਣਤੀ ’ਚ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਤੇਜ਼ੀ ਨਾਲ ਵਿਕਾਸ ਦੀ ਰਾਹ 'ਤੇ ਅੱਗੇ ਵਧ ਰਿਹਾ ਹੈ। ਇਸ ਮੌਕੇ ਕੌਂਸਲਰ ਮੁਕੇਸ਼ ਸੇਠੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਜ਼ ਦੀ ਕੋਈ ਕਮੀ ਨਹੀਂ ਹੈ ਤੇ ਕਈ ਹੋਰ ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਵਾਸੀਆਂ ਨੂੰ ਬਿਹਤਰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਤੇ ਸੜਕੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅੱਜ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ’ਚ ਮਿੱਠੂ ਬਸਤੀ ’ਚ 1.10 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇਕ ਨਵੀਂ ਸੜਕ ਦਾ ਨਿਰਮਾਣ, ਕ੍ਰਿਸ਼ਨਾ ਨਗਰ ’ਚ 42.86 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੇ ਵਿਕਾਸ ਕਾਰਜ ਤੇ ਬਸਤੀ ਮਿੱਠੂ ’ਚ ਹੀ 40.56 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਵਾਲਾ ਇਕ ਹੋਰ ਸੜਕ ਪ੍ਰਾਜੈਕਟ ਸ਼ਾਮਲ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ-ਹੱਦ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿੰਨੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨਿਰਮਾਣ ਕਾਰਜਾਂ ਦੀ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਣ 'ਤੇ ਵੀ ਜ਼ੋਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਗੁਣਵੱਤਾ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।