- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵਾਰਡ ਨੰਬਰ 61 ’ਚ 1.09 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ

-ਕਿਹਾ ਪ੍ਰਾਜੈਕਟ ਸਦਕਾ ਖੇਤਰ ’ਚ ਸੜਕੀ ਸਹੂਲਤਾਂ ਨੂੰ ਵੱਡਾ ਹੁਲਾਰਾ ਮਿਲੇਗਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਸ਼ੁੱਕਰਵਾਰ ਸ਼ਾਮ ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 61 ’ਚ 1.09 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੇ ਗੁਰੂ ਨਾਨਕ ਨਗਰ ਖੇਤਰ ’ਚ ਸੜਕਾਂ ਦੇ ਨਿਰਮਾਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ’ਚ 45 ਲੱਖ ਰੁਪਏ ਦੀ ਲਾਗਤ ਨਾਲ ਗਲੀ ਨੰਬਰ 5, 6, 7 ਤੇ 10 ਸਮੇਤ ਪੰਜ ਗਲੀਆਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਥਾਨਕ ਨਿਵਾਸੀਆਂ ਦੀ ਦੀ ਪ੍ਰਮੁੱਖ ਮੰਗ ਨੂੰ ਪੂਰਾ ਕਰਦਿਆਂ ਕਾਲਾ ਸੰਘਿਆਂ ਡਰੇਨ ਨੂੰ ਗੁਰੂ ਨਾਨਕ ਨਗਰ ਨੇੜਲੇ ਗੁਰਦੁਆਰਾ ਬਾਬਾ ਜਵਾਨਾ ਜੀ ਨਾਲ ਜੋੜਨ ਵਾਲੀ ਮੁੱਖ ਸੜਕ ਲਈ 64 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ 'ਰੰਗਲਾ ਪੰਜਾਬ' ਦੀ ਸੋਚ ਤਹਿਤ ਪੰਜਾਬ ਭਰ ’ਚ ਹਰ ਰੋਜ਼ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਸਥਾਨਕ ਵਸਨੀਕਾਂ ਦੀ ਇਕ ਅਹਿਮ ਜਨਤਕ ਲੋੜ ਪੂਰੀ ਹੋਵੇਗੀ। ਇਸ ਸਮਾਗਮ ’ਚ ਵਾਰਡ ਇੰਚਾਰਜ ਆਸ਼ਾ ਰਾਣੀ ਸਮਰਾਏ, ਜਗਦੀਸ਼ ਰਾਮ ਸਮਰਾਏ ਤੇ ਸਾਬਕਾ ਕੌਂਸਲਰ ਗੁਰਪਾਲ ਸਿੰਘ ਟੱਕਰ ਸਮੇਤ ਇਲਾਕਾ ਵਾਸੀ ਮੌਜੂਦ ਸਨ।