- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਉਂਦੀ ਗੱਡੀ ਦੀ ਆਰਸੀ ਲਟਕਾਈ, ਕਬਾੜ ਬਣਨ ਮਗਰੋਂ ਮੋਹਰ ਲਗਾਈ!

-31 ਅਕਤੂਬਰ ਨੂੰ ਦੋ ਨੌਜਵਾਨਾਂ ਦੀ ਮੌਤ ਵਾਲੇ ਹਾਦਸੇ ਦਾ ਮਾਮਲਾ
-ਟੋਟਲ ਲੋਸ ਕਾਰ ਦੀ 2 ਨਵੰਬਰ ਨੂੰ ਹੋਈ ਆਨਲਾਈਨ ਅਪਰੂਵਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸਰਕਾਰੀ ਦਫ਼ਤਰਾਂ ਵਿੱਚ ਫਾਈਲਾਂ ਦੀ ਰਫ਼ਤਾਰ ਕਿੰਨੀ ਸੁਸਤ ਹੋ ਸਕਦੀ ਹੈ, ਇਸ ਦੀ ਇੱਕ ਹੈਰਾਨ ਕਰਨ ਵਾਲੀ ਮਿਸਾਲ ਜਲੰਧਰ ਦੇ ਆਰਟੀਓ ਦਫ਼ਤਰ ਨਾਲ ਜੁੜੇ ਮਾਮਲੇ ’ਚ ਸਾਹਮਣੇ ਆਈ ਹੈ। 31 ਅਕਤੂਬਰ ਨੂੰ ਜਿਸ ਫਾਕਸਵੈਗਨ ਕਾਰ ਨੰਬਰ (ਪੀਬੀ08 ਜੀਡੀ 0125) ਦਾ ਭਿਆਨਕ ਹਾਦਸਾ ਹੋਇਆ, ਉਸ ’ਚ ਸਵਾਰ ਚਾਰ ਨੌਜਵਾਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਸੀ। ਹਾਦਸੇ ’ਚ ਕਾਰ ਦੇ ਪੂਰੀ ਤਰ੍ਹਾਂ ਨੁਕਸਾਨੀ ਹੋ ਕੇ ਟੋਟਲ ਲੋਸ ਹੋਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੱਡੀ ਦੀ ਰਜਿਸਟ੍ਰੇਸ਼ਨ 16 ਅਕਤੂਬਰ 2026 ਦਰਜ ਹੋਣ ਦੇ ਬਾਵਜੂਦ ਇਸ ਦੀ ਆਨਲਾਈਨ ਆਰਸੀ ਅਪਰੂਵਲ ਹਾਦਸੇ ਤੋਂ ਦੋ ਦਿਨ ਬਾਅਦ 2 ਨਵੰਬਰ ਨੂੰ ਹੋਈ। ਆਰਟੀਓ ਦਫ਼ਤਰ ਦੇ ਕੰਪਿਊਟਰ ਰਿਕਾਰਡ ਨੇ ਇਸ ਦੇਰੀ ਦੀ ਇਕ ਹੋਰ ਪਰਤ ਖੋਲ੍ਹ ਦਿੱਤੀ ਹੈ। ਰਿਕਾਰਡ ਮੁਤਾਬਕ ਗੱਡੀ ਦੀ ਐੱਚਐੱਸਆਰਪੀ ਦੀ ਕਾਰਵਾਈ 19 ਅਕਤੂਬਰ ਨੂੰ ਸਵੇਰੇ 10:31:31 ਵਜੇ ਹੀ ਕੰਪਲੀਟਿਡ ਦਿਖਾਈ ਗਈ ਹੈ ਪਰ ਆਰਸੀ ਦੀ ਅੰਤਿਮ ਅਪਰੂਵਲ 2 ਨਵੰਬਰ ਨੂੰ ਸਵੇਰੇ 11:34:16 ਵਜੇ ਹੋਈ ਦਰਜ ਹੈ। ਕੰਪਿਊਟਰ ਰਿਕਾਰਡ ’ਚ ਅਪਰੂਵਲ ਕਰਨ ਵਾਲੇ ਯੂਜ਼ਰ ਵਜੋਂ ਬਲਜਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਦਰਜ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਗੱਡੀ ਨਾਲ ਸਬੰਧਤ ਐੱਚਐੱਸਆਰਪੀ ਦੀ ਕਾਰਵਾਈ 19 ਅਕਤੂਬਰ ਨੂੰ ਪੂਰੀ ਹੋ ਚੁੱਕੀ ਸੀ ਤਾਂ ਆਰਸੀ ਦੀ ਅੰਤਿਮ ਅਪਰੂਵਲ ਲਈ 31 ਅਕਤੂਬਰ ਦੇ ਹਾਦਸੇ ਤੋਂ ਬਾਅਦ ਤੱਕ ਇੰਤਜ਼ਾਰ ਕਿਉਂ ਕਰਨਾ ਪਿਆ।
---------------------------
ਰਜਿਸਟ੍ਰੇਸ਼ਨ ਪਹਿਲਾਂ, ਅਪਰੂਵਲ ਬਾਅਦ ’ਚ!
ਸਾਹਮਣੇ ਆਏ ਵਾਹਨ ਰਿਕਾਰਡ ਅਨੁਸਾਰ ਕਾਰ ਦੀ ਰਜਿਸਟ੍ਰੇਸ਼ਨ 16 ਅਕਤੂਬਰ 2026 ਹੈ। ਇਸ ਤੋਂ ਬਾਅਦ 19 ਅਕਤੂਬਰ ਨੂੰ ਐੱਚਐੱਸਆਰਪੀ ਦੀ ਕਾਰਵਾਈ ਪੂਰੀ ਹੋਣ ਦਾ ਰਿਕਾਰਡ ਵੀ ਮੌਜੂਦ ਹੈ। ਇਸ ਦੇ ਬਾਵਜੂਦ ਆਰਟੀਓ ਦੇ ਕੰਪਿਊਟਰ ਰਿਕਾਰਡ ਵਿੱਚ ਆਰਸੀ ਦੀ ਅੰਤਿਮ ਅਪਰੂਵਲ 2 ਨਵੰਬਰ ਨੂੰ ਹੋਈ ਦਿਖਾਈ ਗਈ ਹੈ। ਯਾਨੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਲੈ ਕੇ ਅੰਤਿਮ ਆਨਲਾਈਨ ਅਪਰੂਵਲ ਤੱਕ 17 ਦਿਨ ਦਾ ਅੰਤਰ ਹੈ। ਇਸ ਦੌਰਾਨ 31 ਅਕਤੂਬਰ ਨੂੰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇੱਥੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜਦੋਂ ਗੱਡੀ ਦੀ ਰਜਿਸਟ੍ਰੇਸ਼ਨ ਅਤੇ ਐੱਚਐੱਸਆਰਪੀ ਦੀ ਕਾਰਵਾਈ ਪੂਰੀ ਹੋ ਚੁੱਕੀ ਸੀ ਤਾਂ ਆਰਸੀ ਦੀ ਅੰਤਿਮ ਅਪਰੂਵਲ ਕਿਸ ਕਾਰਨ ਪੈਂਡਿੰਗ ਰਹੀ। ਜੇ ਕੋਈ ਕਮੀ ਸੀ ਤਾਂ ਉਸ ਬਾਰੇ ਵਾਹਨ ਮਾਲਕ ਨੂੰ ਕਦੋਂ ਸੂਚਿਤ ਕੀਤਾ ਗਿਆ।
---------------------
ਅਪਰੂਵਲ ਦਾ ਸਮਾਂ ਤੇ ਯੂਜ਼ਰ ਦਾ ਨਾਮ ਵੀ ਦਰਜ
ਇਸ ਮਾਮਲੇ ’ਚ ਸਿਰਫ਼ ਵਾਹਨ ਦੀ ਆਨਲਾਈਨ ਸਥਿਤੀ ਹੀ ਨਹੀਂ, ਸਗੋਂ ਆਰਟੀਓ ਦਫ਼ਤਰ ਦੇ ਕੰਪਿਊਟਰ ਰਿਕਾਰਡ ਵਿੱਚ ਅਪਰੂਵਲ ਦਾ ਸਹੀ ਸਮਾਂ ਵੀ ਦਰਜ ਹੈ। ਰਿਕਾਰਡ ਅਨੁਸਾਰ 2 ਨਵੰਬਰ 2026 ਨੂੰ ਸਵੇਰੇ 11:34:16 ਵਜੇ ਆਰਸੀ ਦੀ ਸਥਿਤੀ ਕੰਪਲੀਟਿਡ/ਅਪਰੂਵਡ ਦਿਖਾਈ ਗਈ ਹੈ। ਇਸ ਦੇ ਨਾਲ ਅਪਰੂਵਲ ਕਰਨ ਵਾਲੇ ਯੂਜ਼ਰ ਵਜੋਂ ਬਲਜਿੰਦਰ ਸਿੰਘ ਢਿੱਲੋਂ ਦਾ ਨਾਮ ਦਰਜ ਹੈ। ਇਸੇ ਰਿਕਾਰਡ ’ਚ 19 ਅਕਤੂਬਰ ਨੂੰ ਐੱਚਐੱਸਆਰਪੀ ਦੀ ਕਾਰਵਾਈ ਪੂਰੀ ਹੋਣ ਦੀ ਐਂਟਰੀ ਵੀ ਮੌਜੂਦ ਹੈ। ਇਸ ਤੋਂ ਇਲਾਵਾ ਸਮਾਰਟ ਕਾਰਡ ਪ੍ਰਿੰਟਿੰਗ ਨਾਲ ਸਬੰਧਤ ਐਂਟਰੀ ਵੀ 2 ਨਵੰਬਰ ਦੀ ਦਿਖਾਈ ਦੇ ਰਹੀ ਹੈ। ਹੁਣ ਇਹ ਜਾਂਚਣਾ ਜ਼ਰੂਰੀ ਹੈ ਕਿ 2 ਨਵੰਬਰ ਦੀ ਕਾਰਵਾਈ ਸਿਰਫ਼ ਡਿਜੀਟਲ ਅਪਰੂਵਲ ਸੀ ਜਾਂ ਆਰਸੀ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਉਸੇ ਦਿਨ ਮੁਕੰਮਲ ਹੋਈ।
-----------------------
ਇੰਸ਼ੋਰੈਂਸ ਕਲੇਮ ’ਤੇ ਪੈ ਸਕਦੈ ਅਸਰ
ਕਾਰ ਦੇ ਟੋਟਲ ਲੋਸ ਹੋਣ ਤੋਂ ਬਾਅਦ ਪਰਿਵਾਰ ਲਈ ਸਭ ਤੋਂ ਮਹੱਤਵਪੂਰਨ ਮਾਮਲਾ ਇੰਸ਼ੋਰੈਂਸ ਕਲੇਮ ਦਾ ਹੈ। ਆਨਲਾਈਨ ਆਰਸੀ ਅਪਰੂਵਲ ਦੀ ਮਿਤੀ ਅਤੇ ਹਾਦਸੇ ਦੀ ਮਿਤੀ ਵਿਚਲਾ ਅੰਤਰ ਬੀਮਾ ਕੰਪਨੀ ਦੀ ਜਾਂਚ ਦਾ ਵਿਸ਼ਾ ਬਣ ਸਕਦਾ ਹੈ। ਜੇ ਬੀਮਾ ਪਾਲਿਸੀ ਹਾਦਸੇ ਤੋਂ ਪਹਿਲਾਂ ਲਾਗੂ ਸੀ ਅਤੇ ਉਸ ਵਿੱਚ ਗੱਡੀ ਦੇ ਚੈਸੀਸ ਤੇ ਇੰਜਣ ਨੰਬਰ ਸਹੀ ਦਰਜ ਸਨ ਤਾਂ ਸਿਰਫ਼ ਬਾਅਦ ਵਿੱਚ ਹੋਈ ਆਨਲਾਈਨ ਅਪਰੂਵਲ ਕਾਰਨ ਕਲੇਮ ਆਪਣੇ ਆਪ ਰੱਦ ਨਹੀਂ ਹੁੰਦਾ ਪਰ ਦਸਤਾਵੇਜ਼ਾਂ ਦੀਆਂ ਤਰੀਕਾਂ ਵਿੱਚ ਅੰਤਰ ਕਾਰਨ ਬੀਮਾ ਕੰਪਨੀ ਵਾਧੂ ਸਪੱਸ਼ਟੀਕਰਨ ਤੇ ਰਿਕਾਰਡ ਮੰਗ ਸਕਦੀ ਹੈ। ਜੇ ਦਸਤਾਵੇਜ਼ੀ ਕਾਰਵਾਈ ਵਿੱਚ ਕੋਈ ਪੇਚ ਸਾਹਮਣੇ ਆਉਂਦਾ ਹੈ ਤਾਂ ਕਲੇਮ ਦੇ ਨਿਪਟਾਰੇ ਵਿੱਚ ਦੇਰੀ ਹੋਣ ਦਾ ਖਦਸ਼ਾ ਬਣ ਸਕਦਾ ਹੈ।
-----------------------
ਪਰਿਵਾਰਾਂ ਲਈ ਵਧ ਸਕਦੀ ਹੈ ਮੁਸ਼ਕਲ
ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ ਵੱਡੇ ਸਦਮੇ ਵਿੱਚ ਹਨ। ਅਜਿਹੇ ਸਮੇਂ ਗੱਡੀ ਦੀ ਆਰਸੀ ਅਤੇ ਬੀਮੇ ਨਾਲ ਜੁੜੀ ਦਸਤਾਵੇਜ਼ੀ ਉਲਝਣ ਪਰਿਵਾਰਾਂ ਲਈ ਹੋਰ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਰਾਹੀਂ ਮੁਆਵਜ਼ੇ ਦੀ ਕਾਰਵਾਈ ਵਿੱਚ ਵੀ ਵਾਹਨ ਦੀ ਰਜਿਸਟ੍ਰੇਸ਼ਨ, ਬੀਮਾ ਤੇ ਮਲਕੀਅਤ ਦੇ ਰਿਕਾਰਡ ਮਹੱਤਵਪੂਰਨ ਹੋ ਸਕਦੇ ਹਨ। ਹਾਲਾਂਕਿ ਆਰਸੀ ਦੀ ਆਨਲਾਈਨ ਅਪਰੂਵਲ ਵਿੱਚ ਦੇਰੀ ਹੋਣ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਦਾ ਮੁਆਵਜ਼ੇ ਦਾ ਹੱਕ ਆਪਣੇ ਆਪ ਖ਼ਤਮ ਨਹੀਂ ਹੁੰਦਾ।
-----------------------
ਆਰਟੀਓ ਦਫ਼ਤਰ ਤੋਂ ਜਵਾਬ ਮੰਗਦੇ ਹਨ ਇਹ ਸਵਾਲ
- ਜਦੋਂ 16 ਅਕਤੂਬਰ ਨੂੰ ਗੱਡੀ ਦੀ ਰਜਿਸਟ੍ਰੇਸ਼ਨ ਦਰਜ ਹੋ ਗਈ ਸੀ ਤਾਂ ਅੰਤਿਮ ਆਨਲਾਈਨ ਅਪਰੂਵਲ 2 ਨਵੰਬਰ ਤੱਕ ਕਿਉਂ ਲਟਕੀ ਰਹੀ?
- 19 ਅਕਤੂਬਰ ਨੂੰ ਐੱਚਐੱਸਆਰਪੀ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਆਰਸੀ ਦੀ ਅਪਰੂਵਲ ਵਿੱਚ ਕਿਹੜੀ ਕਮੀ ਰਹਿ ਗਈ ਸੀ?
- ਕੀ ਫਾਈਲ ਕਿਸੇ ਕਰਮਚਾਰੀ ਜਾਂ ਅਧਿਕਾਰੀ ਕੋਲ ਪੈਂਡਿੰਗ ਸੀ?
- 31 ਅਕਤੂਬਰ ਨੂੰ ਹਾਦਸਾ ਹੋਣ ਤੋਂ ਪਹਿਲਾਂ ਆਰਸੀ ਦੀ ਅਪਰੂਵਲ ਕਿਉਂ ਨਹੀਂ ਕੀਤੀ ਗਈ?
- 2 ਨਵੰਬਰ ਨੂੰ ਅਪਰੂਵਲ ਕਰਨ ਦੀ ਨੌਬਤ ਹਾਦਸੇ ਤੋਂ ਬਾਅਦ ਹੀ ਕਿਉਂ ਆਈ?
- ਕੀ ਆਰਟੀਓ ਦਫ਼ਤਰ ਇਸ ਦੇਰੀ ਦੀ ਜਾਂਚ ਕਰਕੇ ਜਵਾਬਦੇਹੀ ਤੈਅ ਕਰੇਗਾ?