ਪਨਬਸ /ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਕੀਤੀ ਗੇਟ ਰੈਲੀ ਪਨਬਸ /ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਗੇਟ ਰੈਲੀ ਕੀਤੀ
Publish Date: Mon, 03 Aug 2026 08:41 PM (IST)
Updated Date: Mon, 03 Aug 2026 08:43 PM (IST)
ਚੰਡੀਗੜ੍ਹ ਮੀਟਿੰਗ ’ਚ ਮੰਗਾਂ ’ਤੇ ਲਿਖਤੀ ਸਮਝੌਤਾ ਹੋਇਆ, ਸਮਝੌਤਾ ਲਾਗੂ ਨਾ ਕੀਤਾ ਤਾਂ ਲਗਾਤਾਰ ਜਾਰੀ ਰਹੇਗੀ ਹੜਤਾਲ ਮਹਿੰਦਰ ਰਾਮ ਫੁਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁਲਾਜ਼ਮ ਤੇ ਪੈਨਸ਼ਨਰਜ਼ ਮੰਗਾਂ, ਸਰਕਾਰੀ ਟਰਾਂਸਪੋਰਟ ਦੀ ਸੁਰੱਖਿਆ ਲਈ ਤੇ ਰੁਜ਼ਗਾਰ ਦੀ ਸੁਰੱਖਿਆ ਲਈ, ਟਰਾਂਸਪੋਰਟ ਦੀ ਚੜ੍ਹਦੀ ਕਲਾ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਤਿੰਨ ਦਿਨ ਬੱਸਾਂ ਦਾ ਚੱਕਾ ਜਾਮ ਕਰਨ ਦੇ ਪਹਿਲੇ ਦਿਨ ਵਰਕਸ਼ਾਪਾਂ ਅੰਦਰ ਬੱਸਾਂ ਖੜ੍ਹੀਆਂ ਰਹੀਆਂ। ਮੁਲਾਜ਼ਮਾਂ ਨੇ ਜਿੱਥੇ ਪੰਜਾਬ ’ਚ ਗੇਟ ਰੈਲੀਆਂ ਕੀਤੀਆਂ, ਜਲੰਧਰ ’ਚ ਵੀ ਬੱਸਾਂ ਦਾ ਚੱਕਾ ਜਾਮ ਕਰਨ ਬਾਅਦ ਡਿਪੂ ਨੰਬਰ ਇਕ ਦੇ ਗੇਟ ਸਾਹਮਣੇ ਰੋਸ ਰੈਲੀ ਕੀਤੀ ਗਈ। ਸਰਕਾਰ ਵੱਲੋਂ ਲੰਬੇ ਸਮੇਂ ਲਟਕਾਈਆਂ ਜਾਇਜ਼ ਮੰਗਾਂ ’ਚ ਆਗੂਆਂ ਨੇ ਇਹ ਵੀ ਕਿਹਾ ਕਿ ਮਹਿਕਮੇ ਦੇ ਕਈ ਦਹਾਕਿਆਂ ਸੇਵਾ ਕਰਨ ਬਾਅਦ ਜਿਹੜੇ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਵਾਰਸਾਂ ਨੂੰ ਪਹਿਲ ਦੇ ਅਧਾਰ ’ਤੇ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਬਿਰਧ ਅਵਸਥਾ ਵਿੱਚ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਨਹੀਂ ਕੀਤੀ ਜਾ ਰਹੀ, ਕਿੱਲੋਮੀਟਰ ਸਕੀਮ ਨਾਲ ਵੱਡੇ-ਵੱਡੇ ਸਰਮਾਏਦਾਰਾਂ ਨਾਲ ਸੌਦੇਬਾਜ਼ੀ ਕਰਕੇ ਕਿੱਲੋਮੀਟਰ ਦੀਆਂ ਗੱਡੀਆਂ ਪਾ ਕੇ ਮਹਿਕਮੇ ਨੂੰ ਲੁਟਾਇਆ ਜਾ ਰਿਹਾ ਹੈ। ਹੜਤਾਲ ਨਾਲ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਵਾਰੀਆਂ ਬੱਸ ਲੈਣ ਲਈ ਇਧਰ-ਉਧਰ ਭੱਜਦੀਆਂ ਦੇਖੀਆਂ ਗਈਆਂ। ਬਲਜੀਤ ਸਿੰਘ ਹੋਸ਼ਿਆਰਪੁਰੀ, ਰੇਸ਼ਮ ਸਿੰਘ, ਚੰਨਣ ਸਿੰਘ, ਵਿਨੋਦ ਸਾਗਰ, ਬੱਗਾ, ਬਰਿੰਦਰ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਟਰਾਂਸਪੋਰਟ ਤੇ ਵਿੱਤ ਮੰਤਰੀ ਨਾਲ ਚੰਡੀਗੜ੍ਹ ’ਚ ਮੀਟਿੰਗ ਹੋਈ ਜਿਸ ਵਿਚ ਬਹੁਤੀਆਂ ਮੰਗਾਂ ਤੇ ਸਹਿਮਤੀ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ’ਤੇ ਸਮਝੌਤਾ ਹੋਇਆ ਉਨ੍ਹਾਂ ਮੰਗਾਂ ਬਾਰੇ ਲਿਖਤੀ ਰੂਪ ’ਚ ਜਥੇਬੰਦੀ ਨੂੰ ਦਿੱਤਾ ਜਾਵੇ। ਜਥੇਬੰਦੀ ਨੇ ਲਿਖਤੀ ਰੂਪ ’ਚ ਲੈਣ ਤੋਂ ਬਾਅਦ ਮੰਤਰੀਆਂ ਨੂੰ ਆਖਿਆ ਕਿ ਮੰਗਾਂ ਮੰਨਣ ਤੱਕ ਹੜਤਾਲ ਜਾਰੀ ਰਹੇਗੀ। ਅਗਲੀ ਮੀਟਿੰਗ 12 -13 ਅਗਸਤ ਨੂੰ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨਾਲ ਹੋਵੇਗੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਲਾਜ਼ਮਾ ਦੀਆਂ ਤੇ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਤੁਰੰਤ ਨਾ ਮੰਨੀਆ ਤੇ ਚੋਣ ਵਾਅਦੇ ਨਾ ਨਿਭਾਏ ਤਾਂ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ’ਚ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। -ਬੱਸਾਂ ਦਾ ਚੱਕਾ ਜਾਮ ਕਰਨ ਬਾਅਦ ਡਿਪੂ ਨੰਬਰ ਇੱਕ ਦੇ ਸਾਹਮਣੇ ਰੋਸ ਰੈਲੀ ਕਰਦੇ ਹੋਏ ਕਨਰੈਕਟ ਕਾਮੇ।