- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲੌਰ ਨੈਸ਼ਨਲ ਹਾਈਵੇ ’ਤੇ ਇੰਡੋ-ਕੈਨੇਡੀਅਨ ਬੱਸ ਨੇ ਕਾਰ ਨੂੰ ਪਿੱਛੋਂ ਮਾਰੀ ਟੱਕਰ, ਦੋ ਗੰਭੀਰ ਜ਼ਖ਼ਮੀ

ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ :
ਫਿਲੌਰ ਨੈਸ਼ਨਲ ਹਾਈਵੇ ’ਤੇ ਇੰਡੋ-ਕੈਨੇਡੀਅਨ ਬੱਸ ਤੇ ਕਾਰ ਵਿਚਕਾਰ ਹੋਈ ਜ਼ੋਰਦਾਰ ਟੱਕਰ ’ਚ ਕਾਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਜ਼ਖ਼ਮੀਆਂ ਨੂੰ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਇਕ ਜ਼ਖ਼ਮੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਐੱਸਐੱਸਐੱਫ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ, ਇੰਡੋ-ਕੈਨੇਡੀਅਨ ਬੱਸ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਦਕਿ ਕਾਰ ਸਵਾਰ ਦੋਵੇਂ ਵਿਅਕਤੀ ਦਿੱਲੀ ਤੋਂ ਨਿਰੰਕਾਰੀ ਸਤਿਸੰਗ ’ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਪਰਤ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਦੋਵੇਂ ਸਵਾਰ ਜ਼ਖ਼ਮੀ ਹੋ ਗਏ। ਬੱਸ ਚਾਲਕ ਨੇ ਹਾਦਸੇ ਦਾ ਕਾਰਨ ਕਾਰ ਚਾਲਕ ਵੱਲੋਂ ਅਚਾਨਕ ਬਰੇਕ ਲਗਾਉਣਾ ਦੱਸਿਆ ਹੈ। ਹਾਲਾਂਕਿ, ਅਸਲ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਹਾਦਸੇ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਨੇ ਨੁਕਸਾਨੀ ਗਈ ਕਾਰ ਨੂੰ ਸੜਕ ਦੇ ਕਿਨਾਰੇ ਕਰਵਾ ਕੇ ਹਾਈਵੇ ’ਤੇ ਆਵਾਜਾਈ ਮੁੜ ਸੁਚਾਰੂ ਕਰਵਾਈ। ਇਸ ਸਬੰਧੀ ਥਾਣਾ ਫਿਲੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਫਿਲੌਰ ਭੇਜ ਦਿੱਤਾ ਹੈ।