ਪਠਾਨਕੋਟ ਚੌਕ ’ਚ ਬੱਸ ਚਾਲਕ ਦੀ ਮਨਮਰਜ਼ੀ ਨੇ ਲਾਇਆ ਲੰਬਾ ਜਾਮ ਪਠਾਨਕੋਟ ਚੌਕ ’ਚ ਬੱਸ ਚਾਲਕ ਦੀ ਮਨਮਰਜ਼ੀ ਨੇ ਲਾਇਆ ਲੰਬਾ ਜਾਮ
Publish Date: Wed, 14 Oct 2026 09:45 PM (IST)
Updated Date: Wed, 14 Oct 2026 09:48 PM (IST)
-ਸੜਕ ਵਿਚਕਾਰ ਬੱਸ ਰੋਕ ਕੇ ਔਰਤ ਨੇ ਕੀਤਾ ਵਿਰੋਧ, ਖੂਬ ਹੋਈ ਤਕਰਾਰ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਕਰਤਾਰ ਕੰਪਨੀ ਦੇ ਬੱਸ ਚਾਲਕ ਨੇ ਜਾਮ ਤੋਂ ਬਚਣ ਦੀ ਕਾਹਲ ਵਿੱਚ ਬੱਸ ਸਰਵਿਸ ਲੇਨ ’ਤੇ ਉਤਾਰ ਦਿੱਤੀ। ਜਦੋਂ ਅੱਗੇ ਨਿਕਲਣ ਦਾ ਰਸਤਾ ਨਾ ਮਿਲਿਆ ਤਾਂ ਚਾਲਕ ਨੇ ਬੱਸ ਗਲਤ ਦਿਸ਼ਾ ਵੱਲ ਮੋੜ ਦੀ ਲਈ। ਇਸ ਦੌਰਾਨ ਸਕੂਟਰ ਸਵਾਰ ਔਰਤ ਨਾਲ ਤਕਰਾਰ ਹੋ ਗਈ ਤੇ ਔਰਤ ਨੇ ਬੱਸ ਨੂੰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ। ਨਤੀਜੇ ਵਜੋਂ ਪਠਾਨਕੋਟ ਚੌਕ ਵਿੱਚ ਆਵਾਜਾਈ ਹੋਰ ਠੱਪ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦਖ਼ਲ ਦੇ ਕੇ ਤਕਰਾਰ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਬੱਸ ਚਾਲਕ ਨੇ ਦੂਜੇ ਪਾਸੇ ਤੋਂ ਬੱਸ ਕੱਢ ਕੇ ਅੱਗੇ ਜਾਣ ਦਾ ਰਸਤਾ ਬਣਾਇਆ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਮੁੜ ਅੱਗੇ ਵਧ ਸਕੀ। ਪਠਾਨਕੋਟ ਚੌਕ ਵਿੱਚ ਜਾਮ ਦੀ ਸਮੱਸਿਆ ਕਾਰਨ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟ੍ਰੈਫਿਕ ਮੁਲਾਜ਼ਮਾਂ ਦੇ ਕਾਫੀ ਦੇਰ ਬਾਅਦ ਉਥੇ ਪਹੁੰਚਣ ਤੋਂ ਬਾਅਦ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕਿਆ। --------------------------------- ਰੇਰੂ ਪਿੰਡ ਚੌਕ ’ਚ ਵੀ ਜਾਮ ਦਾ ਕਹਿਰ, ਐਂਬੂਲੈਂਸ ਫਸੀ ਪਠਾਨਕੋਟ ਚੌਕ ਤੋਂ ਇਲਾਵਾ ਰੇਰੂ ਪਿੰਡ ਚੌਕ ਵਿੱਚ ਵੀ ਟ੍ਰੈਫਿਕ ਜਾਮ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਚੌਕ ਵਿੱਚ ਟ੍ਰੈਫਿਕ ਵਿਵਸਥਾ ਸੁਧਾਰਨ ਦੇ ਮਕਸਦ ਨਾਲ ਕਰੀਬ ਛੇ ਮਹੀਨੇ ਪਹਿਲਾਂ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਸਨ ਪਰ ਇਹ ਲਾਈਟਾਂ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਅਜੇ ਤੱਕ ਜਾਮ ਤੋਂ ਰਾਹਤ ਨਹੀਂ ਮਿਲ ਸਕੀ। ਬੁੱਧਵਾਰ ਨੂੰ ਵੀ ਰੇਰੂ ਪਿੰਡ ਚੌਕ ਵਿੱਚ ਲੰਮਾ ਜਾਮ ਲੱਗਿਆ ਰਿਹਾ। ਇੰਨਾ ਹੀ ਨਹੀਂ ਲਾਗੇ ਦੇ ਹਸਪਤਾਲ ਦੀ ਇਕ ਐਂਬੂਲੈਂਸ ਨੂੰ ਨਿਕਲਣ ਲਈ ਵੀ ਕਾਫੀ ਜਦੋ-ਜਹਿਦ ਕਰਨੀ ਪਈ। ਚੌਕ ਵਿੱਚ ਵੱਖ-ਵੱਖ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਭੀੜ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਕਾਰਨ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। --- ਹਸਪਤਾਲ ਨੇੜੇ ਹੋਣ ਕਾਰਨ ਵਧੀ ਚਿੰਤਾ ਰੇਰੂ ਪਿੰਡ ਚੌਕ ਨੇੜੇ ਫੋਰਟਿਸ ਹਸਪਤਾਲ ਅਤੇ ਕੈਪੀਟਲ ਹਸਪਤਾਲ ਵਰਗੇ ਵੱਡੇ ਹਸਪਤਾਲ ਸਥਿਤ ਹਨ। ਅਜਿਹੇ ’ਚ ਇੱਥੇ ਲੱਗਣ ਵਾਲਾ ਜਾਮ ਸਿਰਫ਼ ਆਮ ਵਾਹਨ ਚਾਲਕਾਂ ਲਈ ਹੀ ਨਹੀਂ, ਸਗੋਂ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਜਾਮ ਦੌਰਾਨ ਐਂਬੂਲੈਂਸਾਂ ਦੇ ਫਸਣ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ’ਚ ਮੁਸ਼ਕਲ ਆ ਸਕਦੀ ਹੈ। ਇਸ ਲਈ ਇਸ ਚੌਕ ’ਚ ਟ੍ਰੈਫਿਕ ਨੂੰ ਸੁਚਾਰੂ ਬਣਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।