
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰ ਦੀਆਂ ਧੱਕੇਸ਼ਾਹੀਆਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਰਣਜੀਤ ਸਿੰਘ ਸਿੱਧੂ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਦੀਆਂ ਕਥਿਤ ਧੱਕੇਸ਼ਾਹੀਆਂ ਤੇ ਟਰੱਕਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਵਿਰੁੱਧ ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਟਰੱਕ ਮਾਲਕਾਂ ਤੇ ਡਰਾਈਵਰਾਂ ਦਾ ਕਾਫ਼ਲਾ ਜਲੰਧਰ ਡੀਸੀ ਦਫ਼ਤਰ ’ਚ ਲਾਏ ਗਏ ਧਰਨੇ ’ਚ ਸ਼ਾਮਲ ਹੋਣ ਲਈ ਫਿਲੌਰ ਤੋਂ ਰਵਾਨਾ ਹੋਇਆ। ਇਸ ਮੌਕੇ ਰਣਜੀਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਆਪਣੀ ਮਰਜ਼ੀ ਨਾਲ ਟੈਕਸਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਸਿੱਧੂ ਨੇ ਦੋਸ਼ ਲਾਇਆ ਕਿ ਕੁਝ ਸਰਕਾਰੀ ਨੁਮਾਇੰਦਿਆਂ ਤੇ ਮੰਤਰੀਆਂ ਨਾਲ ਜੁੜੇ ਲੋਕਾਂ ਵੱਲੋਂ ਵੀ ਟਰੈਕਟਰ-ਟਰਾਲੀਆਂ ਰਾਹੀਂ ਢੋਆ-ਢੁਆਈ ਦੇ ਕਾਰੋਬਾਰ ’ਚ ਸ਼ਾਮਲ ਹੋਣ ਕਾਰਨ ਟਰੱਕ ਆਪ੍ਰੇਟਰਾਂ ’ਚ ਰੋਸ ਹੈ। ਟਰੱਕ ਮਾਲਕਾਂ ਤੇ ਡਰਾਈਵਰਾਂ ਦੀਆਂ ਮੰਗਾਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਟਰੱਕ ਅਪਰੇਟਰਾਂ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਲਖਬੀਰ ਸਿੰਘ, ਭੁਪਿੰਦਰ ਸਿੰਘ ਸੋਨੂ, ਨਿਰਭੈ ਸਿੰਘ ਪਿੰਕਾ ਬਾਬਾ ਸਮੇਤ ਵੱਡੀ ਗਿਣਤੀ ’ਚ ਟਰੱਕ ਮਾਲਕ ਤੇ ਡਰਾਈਵਰ ਮੌਜੂਦ ਸਨ।