- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲੌਰ ਹਲਕੇ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ:

ਬਲਾਕ ਪ੍ਰਧਾਨ ਰਹੇ ਪ੍ਰੋ. ਕ੍ਰਾਂਤੀ ਕੁਮਾਰ ਤੇ ਸਰਪੰਚ ਲਵਦੀਪ ਕੌਰ ਸੈਂਕੜੇ ਸਾਥੀਆਂ ਸਮੇਤ ‘ਹਾਥੀ’ ’ਤੇ ਹੋਏ ਸਵਾਰ
ਪੰਜਾਬ ਨੂੰ ਸੰਭਾਲਣ ਲਈ ਬਹੁਜਨ ਸਮਾਜ ਪਾਰਟੀ ਦੇ ਪਰਚਮ ਹੇਠ ਇਕਜੁੱਟ ਹੋਣ ਪੰਜਾਬ ਹਿਤੈਸ਼ੀ : ਡਾ. ਕਰੀਮਪੁਰ
ਬਸਪਾ ’ਚ ਆਏ ਹਰ ਆਗੂ ਤੇ ਵਰਕਰ ਨੂੰ ਮਿਲੇਗਾ ਪੂਰਾ ਮਾਣ-ਸਤਿਕਾਰ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ
ਫਿਲੌਰ : ਹਲਕਾ ਫਿਲੌਰ ’ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ‘ਆਪ’ ਦੇ ਬਲਾਕ ਪ੍ਰਧਾਨ ਰਹੇ ਪ੍ਰੋਫੈਸਰ ਕ੍ਰਾਂਤੀ ਕੁਮਾਰ ਤੇ ਮੌਜੂਦਾ ਸਰਪੰਚ ਲਵਦੀਪ ਕੌਰ ਆਪਣੀ ਪੂਰੀ ਪੰਚਾਇਤ ਤੇ ਸੈਂਕੜੇ ਸਾਥੀਆਂ ਸਮੇਤ ‘ਆਪ’ ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ (ਬਸਪਾ) ’ਚ ਸ਼ਾਮਲ ਹੋ ਗਏ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸ਼ਾਮਲ ਹੋਏ ਸਾਰੇ ਆਗੂਆਂ ਤੇ ਪੰਚਾਇਤ ਮੈਂਬਰਾਂ ਦਾ ਪਾਰਟੀ ’ਚ ਨਿੱਘਾ ਸਵਾਗਤ ਕੀਤਾ ਗਿਆ।
ਬਸਪਾ ਵਿਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸੀਅਤਾਂ ’ਚ ਪ੍ਰੋ. ਕ੍ਰਾਂਤੀ ਕੁਮਾਰ (ਸਾਬਕਾ ਬਲਾਕ ਪ੍ਰਧਾਨ), ਲਵਦੀਪ ਕੌਰ (ਮੌਜੂਦਾ ਸਰਪੰਚ), ਸੋਹਣ ਲਾਲ (ਸਾਬਕਾ ਸਰਪੰਚ), ਸੁਖਵਿੰਦਰ ਸਿੰਘ (ਪੰਚ), ਰਛਪਾਲ ਸਿੰਘ (ਪੰਚ), ਲੈਹੰਬਰ ਰਾਮ, ਸੱਤਪਾਲ, ਵਿਜੇ ਕੁਮਾਰ, ਪਰਮਜੀਤ ਪੰਮੀ, ਹਰਬੰਸ ਲਾਲ, ਸੱਤਪਾਲ ਅਤੇ ਬੂਟਾ ਰਾਮ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ। ਇਸ ਮੌਕੇ ਬੋਲਦਿਆਂ ਡਾ. ਕਰੀਮਪੁਰੀ ਨੇ ‘ਪੰਜਾਬ ਸੰਭਾਲੋ ਮੁਹਿੰਮ’ ਦਾ ਜ਼ਿਕਰ ਕਰਦਿਆਂ ਇੱਕ ਵੱਡਾ ਅਤੇ ਸਪੱਸ਼ਟ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਮੌਜੂਦਾ ਸਰਕਾਰ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ। ਡਾ. ਕਰੀਮਪੁਰੀ ਨੇ ਵਿਸ਼ਵਾਸ ਦਿਵਾਇਆ ਕਿ ਪ੍ਰੋ. ਕ੍ਰਾਂਤੀ ਕੁਮਾਰ, ਸਰਪੰਚ ਲਵਦੀਪ ਕੌਰ, ਨਗਰ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਦੀਆਂ ਸੰਗਤਾਂ ਨੂੰ ਬਹੁਜਨ ਸਮਾਜ ਪਾਰਟੀ ਵਿਚ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਆਉਣ ਨਾਲ ਫਿਲੌਰ ਹਲਕੇ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਬਸਪਾ ਵਿਚ ਸ਼ਾਮਲ ਹੋਏ ਆਗੂਆਂ ਨੇ ਆਖਿਆ ਕਿ ਉਹ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਸੋਚ ਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲੈ ਰਹੇ ਹਨ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ ‘ਪੰਜਾਬ ਸੰਭਾਲੋ ਮੁਹਿੰਮ’ ਵਿਚ ਦਿਨ-ਰਾਤ ਇੱਕ ਕਰ ਕੇ ਕੰਮ ਕਰਨਗੇ।