ਝੂਠੇ ਪਰਚਿਆਂ ਵਿਰੁੱਧ ਬਸਪਾ ਵੱਲੋਂ ਪ੍ਰਦਰਸ਼ਨ 27 ਨੂੰ
ਸੂਬੇ ਦੀ ਆਪ ਸਰਕਾਰ ਵਿੱਚ ਪੁਲਿਸ
Publish Date: Mon, 23 Feb 2026 09:13 PM (IST)
Updated Date: Mon, 23 Feb 2026 09:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੂਬੇ ਦੀ ਆਪ ਸਰਕਾਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਹੋਰਾਂ ਵਰਗਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉੱਥੇ ਦਲਿਤਾਂ 'ਤੇ ਵੀ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਬਸਪਾ ਜ਼ਿਲ੍ਹਾ ਜਲੰਧਰ ਪ੍ਰਧਾਨ ਸਲਵਿੰਦਰ ਕੁਮਾਰ ਨੇ ਕਿਹਾ ਕਿ ਖਾਸ ਕਰਕੇ ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਕਾਰਜਕਾਲ ਵਿੱਚ ਅਜਿਹੀਆਂ ਧੱਕੇਸ਼ਾਹੀਆਂ ਵਿੱਚ ਕਾਫੀ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਐਸਐਸਪੀ ਦੇ ਕਾਰਜਕਾਲ ਵਿੱਚ ਹਲਕਾ ਕਰਤਾਰਪੁਰ, ਜਿੱਥੇ ਆਪ ਦਾ ਵਿਧਾਇਕ ਬਲਕਾਰ ਸਿੰਘ ਹੈ, ਉੱਥੇ ਵੀ ਸੰਗੀਨ ਧਾਰਾਵਾਂ ਤਹਿਤ ਝੂਠੇ ਪਰਚੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਨੂੰ ਨਕਾਰਦਿਆਂ ਹੋਇਆ ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਉੱਚ ਪੁਲਿਸ ਜਾਂਚ ਵਿੱਚ ਰੱਦ ਕੀਤੇ ਜਾ ਚੁੱਕੇ ਪਰਚੇ ਦਾ ਵੀ 42 ਬੇਗੁਨਾਹਾਂ ਖਿਲਾਫ ਚਲਾਨ ਦਿੱਤਾ ਗਿਆ ਹੈ ਤੇ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੌਰਾਨ ਹਲਕਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਕਾਰਨ ਇਸ ਹਲਕੇ ਦੇ ਇੱਕ ਵਿਅਕਤੀ ਦੀ ਜਾਨ ਵੀ ਚਲੀ ਗਈ, ਕਿਉੰਕਿ ਉਸਨੂੰ ਝੂਠੇ ਪਰਚੇ ਵਿੱਚ ਜੇਲ੍ਹ ਭੇਜਿਆ ਗਿਆ ਸੀ। ਇਸੇ ਤਰ੍ਹਾਂ ਹੀ ਚੋਰੀ ਦੇ ਝੂਠੇ ਪਰਚੇ ਵਿੱਚ ਧਾਲੀਵਾਲ ਗਾਖਲਾਂ ਦੇ ਇੱਕ ਨੌਜਵਾਨ ਨੂੰ ਜੇਲ੍ਹ ਭੇਜਿਆ ਗਿਆ। ਸਰਪੰਚਾਂ 'ਤੇ ਵੀ ਝੂਠੇ ਪਰਚੇ ਪਾਏ ਗਏ ਹਨ। ਸਲਵਿੰਦਰ ਕੁਮਾਰ ਨੇ ਕਿਹਾ ਕਿ ਇਸੇ ਤਰ੍ਹਾਂ ਦੀਆਂ ਹੋਰ ਧੱਕੇਸ਼ਾਹੀਆਂ ਆਪ ਸਰਕਾਰ ਤੇ ਇਸਦੇ ਵਿਧਾਇਕ ਦੇ ਕਾਰਜਕਾਲ ਵਿੱਚ ਪੁਲਿਸ ਵੱਲੋਂ ਹਲਕਾ ਕਰਤਾਰਪੁਰ ਵਿੱਚ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ ਬਸਪਾ ਵੱਲੋਂ ਜਲੰਧਰ ਡੀਸੀ ਦਫਤਰ ਅੱਗੇ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ 27 ਫਰਵਰੀ ਨੂੰ ਸਵੇਰੇ 11 ਵਜੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਕਮਿਸ਼ਨਰੇਟ ਪੁਲਿਸ ਖੇਤਰ ਵਿੱਚ ਵੀ ਜਿਨ੍ਹਾਂ ਨਿਰਦੋਸ਼ ਲੋਕਾਂ ਨੂੰ ਪਰਚਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਨੂੰ ਵੀ ਇਨਸਾਫ ਦਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਪ ਸਰਕਾਰ ਵੱਲੋਂ ਮੀਡੀਆ ਅਦਾਰਿਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਵੀ ਬਸਪਾ ਨਿੰਦਾ ਕਰਦੀ ਹੈ ਤੇ ਇਸ ਮੁੱਦੇ ਨੂੰ ਵੀ ਚੁੱਕਿਆ ਜਾਵੇਗਾ।