- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸਪਾ ਨੂੰ ਅਲਵਿਦਾ ਕਹਿ ਕੇ ਸਰਪੰਚ ਲਵਦੀਪ ਕੌਰ ਤੇ ਕ੍ਰਾਂਤੀ ਕੁਮਾਰ ਸਮੇਤ ਕਰੀਬ 100 ਸਾਥੀ ‘ਆਪ’ ’ਚ ਸ਼ਾਮਲ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪਿੰਡ ਕੁਤਬੇਵਾਲ ਦੀ ਮੌਜੂਦਾ ਸਰਪੰਚ ਲਵਦੀਪ ਕੌਰ ਤੇ ਉਨ੍ਹਾਂ ਦੇ ਪਤੀ ਕ੍ਰਾਂਤੀ ਕੁਮਾਰ ਨੇ ਬਸਪਾ ਨੂੰ ਅਲਵਿਦਾ ਕਹਿ ਕੇ ਆਪਣੇ ਕਰੀਬ 100 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਹ ਸ਼ਮੂਲੀਅਤ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੇ ਯਤਨਾਂ ਸਦਕਾ ਹੋਈ। ਪਾਰਟੀ ’ਚ ਸ਼ਾਮਲ ਆਗੂਆਂ ਤੇ ਵਰਕਰਾਂ ਦਾ ਹਲਕਾ ਇੰਚਾਰਜ ਵੱਲੋਂ ਪਾਰਟੀ ਦੇ ਚਿੰਨ੍ਹ ਵਾਲੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਮਨ-ਮੁਟਾਅ ਕਾਰਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਬਸਪਾ ’ਚ ਸ਼ਮੂਲੀਅਤ ਕੀਤੀ ਸੀ। ਹੁਣ ਉਹ ਮੁੜ ‘ਆਪ’ ’ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰਜੋਤ ਕੌਰ ਲੋਹਟੀਆ ਨਾਲ ਡਟ ਕੇ ਖੜ੍ਹੇ ਰਹਿਣਗੇ। ਇਸ ਮੌਕੇ ਰਿੰਕੂ ਮੁਠੱਡਾ, ਬਲਾਕ ਪ੍ਰਧਾਨ ਫਿਲੌਰ, ਹਰਕਮਲ ਸਿੰਘ ਸਰਪੰਚ ਬੇਗਮਪੁਰ, ਸੁਮੀਤ ਬਸਰਾ ਲਾਡੀ ਸਰਪੰਚ ਵਿਰਕ, ਰੋਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਰਾਜਵੀਰ ਸੋਢੀ, ਪੰਕਜ ਲੋਹਟੀਆ ਤੇ ਸੁਖਵਿੰਦਰ ਸਿੰਘ ਸੁੱਖਾ ਕੋਟ ਗਰੇਵਾਲ ਆਦਿ ਹਾਜ਼ਰ ਸਨ।