9 ਦੀ ਆਦਮਪੁਰ ਰੈਲੀ ਇਤਿਹਾਸਕ ਹੋਵੇਗੀ : ਡਾ. ਕਰੀਮਪੁਰੀ ਸਾਹਿਬ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ਮੌਕੇ ਬਸਪਾ ਵੱਲੋਂ ਆਦਮਪੁਰ ’ਚ ਵਿਸ਼ਾਲ ਰੈਲੀ
Publish Date: Wed, 07 Oct 2026 07:58 PM (IST)
Updated Date: Wed, 07 Oct 2026 07:59 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਪਰਿਨਿਰਵਾਣ ਦਿਵਸ ਮੌਕੇ 9 ਅਕਤੂਬਰ ਨੂੰ ਪਾਰਟੀ ਵੱਲੋਂ ਸੂਬੇ ਦੇ ਵੱਖ-ਵੱਖ ਜ਼ੋਨਾਂ ’ਚ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਤਹਿਤ ਜਲੰਧਰ ਜ਼ੋਨ ਦੀ ਵਿਸ਼ਾਲ ਰੈਲੀ ਆਦਮਪੁਰ ਦੇ ਪਿੰਡ ਉਦੇਸੀਆਂ ਨੇੜੇ ਹੋਵੇਗੀ। ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਦਮਪੁਰ ਦੀ ਰੈਲੀ ਇਤਿਹਾਸਕ ਹੋਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਕਰੀਮਪੁਰੀ ਨੇ ਦੱਸਿਆ ਕਿ ਗੁਰਦਾਸਪੁਰ, ਬਠਿੰਡਾ ਤੇ ਪਟਿਆਲਾ ’ਚ ਜ਼ੋਨ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ, ਜਦਕਿ ਚੰਡੀਗੜ੍ਹ ਵਿਖੇ ਵੀ ਵੱਖਰੀ ਰੈਲੀ ਹੋਵੇਗੀ। ਇਹ ਰੈਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ’ਚ ਬਸਪਾ ਦੀ ਸਰਕਾਰ ਬਣਾਉਣ ਦੇ ਟੀਚੇ ਲਈ ਅਹਿਮ ਸਾਬਤ ਹੋਣਗੀਆਂ। ਡਾ. ਕਰੀਮਪੁਰੀ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ’ਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ’ਚ ਅਸਫਲ ਰਹਿਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬੇ ਦੇ ਲੋਕ ਬੇਰੁਜ਼ਗਾਰੀ, ਨਸ਼ਿਆਂ, ਮਹਿੰਗਾਈ ਤੇ ਸਿਹਤ ਤੇ ਸਿੱਖਿਆ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਲੋਕਾਂ ਨੂੰ ਰੈਲੀ ’ਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਇੰਜ. ਜਸਵੰਤ ਰਾਏ, ਬਲਦੇਵ ਸਿੰਘ ਖੋਜਕੀਪੁਰ, ਮਦਨ ਮੱਦੀ, ਬੂਟਾ ਸਿੰਘ ਪਤਾਰਾ, ਸੁਖਵਿੰਦਰ ਚੁਖਿਆਰਾ, ਕਾਲਾ ਚੁੰਬਰ ਤੇ ਸੁੱਖਾ ਉਦੇਸੀਆਂ ਆਦਿ ਹਾਜ਼ਰ ਸਨ।