ਬੀਐੱਸਐੱਫ ਪੰਜਾਬ ਫਰੰਟੀਅਰ ਨੇ ਲਗਾਈ ਪੈਨਸ਼ਨ ਅਦਾਲਤ
ਬੀਐੱਸਐੱਫ ਪੰਜਾਬ ਫਰੰਟੀਅਰ ਵੱਲੋਂ ਜਲੰਧਰ ਵਿਖੇ ਪੈਨਸ਼ਨ ਅਦਾਲਤ ਕਰਵਾਈ
Publish Date: Fri, 11 Sep 2026 08:56 PM (IST)
Updated Date: Sat, 12 Sep 2026 04:08 AM (IST)
* ਸੇਵਾਮੁਕਤ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਪੰਜਾਬ ਫਰੰਟੀਅਰ ਨੇ ਜਲੰਧਰ ਵਿਖੇ ਸੇਵਾਮੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਪੈਨਸ਼ਨ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਰਾਸ਼ਟਰ ਪੱਧਰੀ ਪੈਨਸ਼ਨ ਅਦਾਲਤ ਕਰਵਾਈ। ਇਸ ਪੈਨਸ਼ਨ ਅਦਾਲਤ ’ਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ’ਚ ਬੀਐੱਸਐੱਫ ਦੇ ਸਾਬਕਾ ਜਵਾਨਾਂ ਤੇ ਪਰਿਵਾਰਕ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਕਈ ਪੈਨਸ਼ਨਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਆਪਣੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਅਧਿਕਾਰੀਆਂ ਸਾਹਮਣੇ ਰੱਖੀਆਂ। ਪੈਨਸ਼ਨ ਅਦਾਲਤ ਦੌਰਾਨ ਪੈਨਸ਼ਨ ਨਾਲ ਸਬੰਧਤ ਜ਼ਿਆਦਾਤਰ ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਜਦਕਿ ਕੁਝ ਗੁੰਝਲਦਾਰ ਮਾਮਲਿਆਂ ਨੂੰ ਜਲਦ ਹੱਲ ਕਰਨ ਲਈ ਸਬੰਧਤ ਦਫ਼ਤਰਾਂ ਤੇ ਅਧਿਕਾਰੀਆਂ ਕੋਲ ਭੇਜਿਆ ਗਿਆ। ਇਸ ਮੌਕੇ ਡਾ. ਅਤੁਲ ਫੁਲਜ਼ੇਲੇ, ਆਈਪੀਐੱਸ, ਇੰਸਪੈਕਟਰ ਜਨਰਲ, ਬੀਐੱਸਐੱਫ ਪੰਜਾਬ ਫਰੰਟੀਅਰ ਸਮੇਤ ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਨੇ ਬੀਐੱਸਐੱਫ ਵੱਲੋਂ ਆਪਣੇ ਸੇਵਾਮੁਕਤ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ।