- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਣੀ ਵਾਲੀ ਚੱਕੀ–ਸੁੰਦਰ ਨਗਰ-ਰਹਿਮਾਨਪੁਰਾ ਮਾਰਗ 'ਤੇ ਟੁੱਟੇ ਸੀਵਰੇਜ ਢੱਕਣ ਬਣੇ ਹਾਦਸਿਆਂ ਦਾ ਕਾਰਨ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪਾਣੀ ਵਾਲੀ ਚੱਕੀ ਤੋਂ ਮੁਹੱਲਾ ਸੁੰਦਰ ਨਗਰ ਤੇ ਰਹਿਮਾਨਪੁਰਾ ਰੇਲਵੇ ਫਾਟਕ ਨੂੰ ਜਾਣ ਵਾਲੀ ਮਸਰੂਫ ਸੜਕ 'ਤੇ ਸੀਵਰੇਜ ਪ੍ਰਣਾਲੀ ਦੀ ਖਰਾਬ ਹਾਲਤ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚਾਲੇ ਸਥਿਤ ਸੀਵਰੇਜ ਦੇ ਵੱਡੇ ਮੈਨਹੋਲ ਦਾ ਢੱਕਣ ਪਿਛਲੇ ਕਈ ਦਿਨਾਂ ਤੋਂ ਟੁੱਟ ਕੇ ਧੱਸਿਆ ਹੋਇਆ ਹੈ, ਜਿਸ ਕਾਰਨ ਉੱਥੇ ਡੂੰਘਾ ਟੋਆ ਬਣ ਗਿਆ ਹੈ ਤੇ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਸੇ ਮਾਰਗ 'ਤੇ ਅੱਗੇ ਦੋ ਹੋਰ ਸੀਵਰੇਜ ਮੈਨਹੋਲਾਂ ਦੇ ਢੱਕਣ ਵੀ ਟੁੱਟ ਕੇ ਧੱਸ ਚੁੱਕੇ ਹਨ। ਸੀਵਰੇਜ ਬਲਾਕ ਹੋਣ ਕਾਰਨ ਪਾਣੀ ਭਰਿਆ ਰਹਿੰਦਾ ਹੈ। ਸਥਾਨਕ ਨਿਵਾਸੀਆਂ ਅਨੁਸਾਰ, ਸ਼ੁਰੂਆਤ ’ਚ ਖਤਰੇ ਤੋਂ ਸੁਚੇਤ ਕਰਨ ਲਈ ਟੁੱਟੇ ਢੱਕਣਾਂ 'ਤੇ ਇੱਟਾਂ ਤੇ ਪੱਥਰ ਰੱਖੇ ਗਏ ਸਨ ਪਰ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪੂਰਾ ਸਲੈਬ ਹੀ ਧੱਸ ਗਿਆ। ਮੋੜ ਤੇ ਦੁਕਾਨਾਂ ਨੇੜੇ ਹੋਣ ਕਾਰਨ ਇਹ ਟੋਆ ਦੂਰੋਂ ਨਜ਼ਰ ਨਹੀਂ ਆਉਂਦਾ, ਜਿਸ ਨਾਲ ਖ਼ਾਸ ਕਰਕੇ ਰਾਤ ਸਮੇਂ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਹ ਸੜਕ ਰੇਲਵੇ ਰੋਡ ਤੋਂ ਸੁੰਦਰ ਨਗਰ ਜਾਣ ਲਈ ਇਕ ਪ੍ਰਮੁੱਖ ਸ਼ਾਰਟਕੱਟ ਮਾਰਗ ਹੈ। ਨੇੜੇ ਹੀ ਇਕ ਨਿੱਜੀ ਸਕੂਲ ਤੇ ਧਾਰਮਿਕ ਅਸਥਾਨ ਹੋਣ ਕਰਕੇ ਸਕੂਲੀ ਬੱਚਿਆਂ, ਸ਼ਰਧਾਲੂਆਂ ਤੇ ਆਮ ਲੋਕਾਂ ਦੀ ਆਵਾਜਾਈ ਵੀ ਲਗਾਤਾਰ ਰਹਿੰਦੀ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਟੁੱਟੇ ਢੱਕਣਾਂ ਤੇ ਸੀਵਰੇਜ ਬਲਾਕੇਜ ਕਾਰਨ ਪਿਛਲੇ ਕੁਝ ਦਿਨਾਂ ਦੌਰਾਨ ਕਈ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਚੁੱਕੇ ਹਨ।
---------------------
ਪ੍ਰਸ਼ਾਸਨ ਦੀ ਅਣਦੇਖੀ 'ਤੇ ਲੋਕਾਂ ’ਚ ਰੋਸ
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸਬੰਧਤ ਵਿਭਾਗ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਹੁਣ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਵਾਰਡ ਕੌਂਸਲਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਟੁੱਟੇ ਮੈਨਹੋਲਾਂ ਦੇ ਢੱਕਣਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਸਬੰਧੀ ਸੀਵਰੇਜ ਐਂਡ ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ 'ਤੇ ਭੇਜ ਕੇ ਸਮੱਸਿਆ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਟੁੱਟੇ ਢੱਕਣਾਂ ਦੀ ਜਲਦ ਮੁਰੰਮਤ ਕਰਵਾ ਦਿੱਤੀ ਜਾਵੇਗੀ।