- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮਿਲੀ ਲਾਸ਼

-ਪਰਿਵਾਰ ਦਾ ਦਾਅਵਾ; ਪਛਾਣ ਪੱਤਰ ਮਿਲਣ ਦੇ ਬਾਵਜੂਦ ਨਹੀਂ ਕੀਤਾ ਸੂਚਿਤ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਬਸਤੀ ਇਲਾਕੇ ਦੇ ਗ੍ਰੀਨ ਵੈਲੀ ਖੇਤਰ ’ਚ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਜਨਕ ਰਾਜ ਦੀ ਲਾਸ਼ ਸ਼ੱਕੀ ਹਾਲਾਤ ’ਚ ਮਿਲਣ ਤੋਂ ਬਾਅਦ ਮਾਮਲਾ ਭੱਖ ਗਿਆ ਹੈ। ਉਸ ਦੀ ਮੌਤ ਬਾਰੇ ਪਤਾ ਲੱਗਣ ’ਤੇ ਜਦੋਂ ਪਰਿਵਾਰ ਸਿਵਲ ਹਸਪਤਾਲ ਤੇ ਸਬੰਧਤ ਥਾਣੇ ਪੁੱਜਾ ਤਾਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਨੇ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਅਨੁਸਾਰ ਜਨਕ ਰਾਜ ਪਿਛਲੇ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਿਸ ਨੂੰ ਇਕ ਅਣਪਛਾਤੀ ਲਾਸ਼ ਮਿਲੀ ਹੈ। ਪਰਿਵਾਰ ਸਿਵਲ ਹਸਪਤਾਲ ਪੁੱਜਾ ਪਰ ਉਨ੍ਹਾਂ ਦਾ ਦੋਸ਼ ਹੈ ਕਿ ਸ਼ੁਰੂ ’ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਨਾਮ ਦਾ ਕੋਈ ਵਿਅਕਤੀ ਉੱਥੇ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹ ਰਾਤ ਕਰੀਬ 2:00 ਵਜੇ ਥਾਣੇ ਪੁੱਜੇ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਕੁਝ ਤਸਵੀਰਾਂ ਦਿਖਾਈਆਂ। ਤਸਵੀਰਾਂ ਦੇਖ ਕੇ ਪਰਿਵਾਰ ਨੇ ਤੁਰੰਤ ਪਛਾਣ ਲਿਆ।
---------------------------
ਪਛਾਣ ਪੱਤਰ ਮਿਲਣ ਦੇ ਬਾਵਜੂਦ ਸੂਚਿਤ ਨਾ ਕਰਨ ਦੇ ਦੋਸ਼
ਮ੍ਰਿਤਕ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਸਵਾਲ ਚੁੱਕਿਆ ਹੈ ਕਿ ਜਦੋਂ ਨੌਜਵਾਨ ਦੀ ਜੇਬ ’ਚੋਂ ਇਕ ਪਛਾਣ ਪੱਤਰ ਮਿਲਿਆ ਸੀ ਜਿਸ 'ਤੇ ਉਸਦਾ ਨਾਮ ਤੇ ਪਤਾ ਦਰਜ ਸੀ ਤਾਂ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕਿਉਂ ਨਹੀਂ ਕੀਤਾ। ਉਨ੍ਹਾਂ ਨੂੰ ਸਮੇਂ ਸਿਰ ਸੂਚਿਤ ਕਿਉਂ ਨਹੀਂ ਕੀਤਾ ਗਿਆ। ਪਰਿਵਾਰ ਨੇ ਮਾਮਲੇ ਦੀ ਜਾਂਚ ’ਚ ਪਾਰਦਰਸ਼ਤਾ ਦੀ ਘਾਟ ਦਾ ਦੋਸ਼ ਲਾਇਆ ਹੈ ਤੇ ਦਾਅਵਾ ਕੀਤਾ ਹੈ ਕਿ ਕਈ ਅਹਿਮ ਤੱਥਾਂ ਨੂੰ ਲੁਕਾਇਆ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਘਟਨਾ ਵਾਲੀ ਥਾਂ ਤੋਂ ਇੱਕ ਸਰਿੰਜ ਮਿਲੀ ਹੈ ਤੇ ਉੱਥੇ ਇਕ ਹੋਰ ਨੌਜਵਾਨ ਵੀ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ। ਹਾਲਾਂਕਿ, ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਥਿਊਰੀ 'ਤੇ ਸਵਾਲ ਉਠਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਤਸਵੀਰਾਂ ’ਚ ਜਨਕ ਰਾਜ ਇਕ ਸਾਫ਼-ਸੁਥਰੇ ਬਿਸਤਰੇ 'ਤੇ ਪਿਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਜੇਕਰ ਉੱਥੇ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀ ਤਾਂ ਘਟਨਾ ਵਾਲੀ ਥਾਂ ਦੀ ਅਸਲ ਹਾਲਤ ਕੀ ਸੀ। ਉਨ੍ਹਾਂ ਨੇ ਘਟਨਾ ਵਾਲੀ ਥਾਂ ਤੇ ਬਰਾਮਦ ਕੀਤੀਆਂ ਗਈਆਂ ਸਰਿੰਜਾਂ ਨਾਲ ਸਬੰਧਤ ਤਸਵੀਰਾਂ ਤੇ ਹੋਰ ਸਬੂਤ ਦਿਖਾਉਣ ਦੀ ਮੰਗ ਕੀਤੀ ਹੈ।
---------------------------------
ਨਸ਼ਾ ਛੱਡਣ ਲਈ ਦਵਾਈ ਲੈ ਰਿਹਾ ਸੀ ਜਨਕ
ਪਰਿਵਾਰ ਨੇ ਦੱਸਿਆ ਕਿ ਜਨਕ ਰਾਜ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਸਿਵਲ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ ਤੇ ਹਸਪਤਾਲ ’ਚ ਉਸ ਦਾ ਰਿਕਾਰਡ ਵੀ ਮੌਜੂਦ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਘਟਨਾ ਦੇ ਸਮੇਂ ਉੱਥੇ ਮੌਜੂਦ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਘਟਨਾ ਵਾਲੀ ਥਾਂ ਨਾਲ ਸਬੰਧਤ ਤੱਥਾਂ ਨੂੰ ਜਨਤਕ ਕਰਨ ਤੇ ਇਸ ’ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ।