
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਾਲੀ ਪਲਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼

-ਸੱਟਾਂ ਦੇ ਨਿਸ਼ਾਨ ਦੇਖ ਪੁਲਿਸ ਵੱਲੋਂ ਜਾਂਚ ਜਾਰੀ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਨਿਊ ਰਤਨ ਨਗਰ ਇਲਾਕੇ ’ਚ 26 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ’ਚ ਖਾਲੀ ਪਲਾਟ ਵਿੱਚੋਂ ਮਿਲੀ। ਸੂਚਨਾ ਮਿਲਣ 'ਤੇ ਬਸਤੀ ਬਾਵਾ ਖੇਲ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਕੀਤੀ। ਉਨ੍ਹਾਂ ਨੇ ਸਥਾਨਕ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਤੇ ਸਬੂਤ ਇਕੱਠੇ ਕੀਤੇ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ (26) ਵਜੋਂ ਹੋਈ ਹੈ, ਜੋ ਨਿਊ ਰਤਨ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੰਦੀਪ ਕੁਝ ਸਮੇਂ ਤੋਂ ਬਿਮਾਰ ਸੀ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸਿਰਫ਼ ਤਿੰਨ ਦਿਨ ਪਹਿਲਾਂ ਹੀ ਘਰ ਪਰਤਿਆ ਸੀ। ਚਸ਼ਮਦੀਦਾਂ ਨੇ ਮੱਥੇ 'ਤੇ ਸੱਟਾਂ ਦੇ ਨਿਸ਼ਾਨ ਦੇਖੇ। ਦਾਅਵਾ ਕੀਤਾ ਕਿ ਜ਼ਖ਼ਮ ਕਿਸੇ ਤੇਜ਼ਧਾਰ ਹਥਿਆਰ ਨਾਲ ਹੋਏ ਜਾਪਦੇ ਹਨ, ਜਦਕਿ ਕੁਝ ਲੋਕਾਂ ਨੇ ਜ਼ਿਕਰ ਕੀਤਾ ਕਿ ਸੰਦੀਪ ਦਾ ਕੁਝ ਦਿਨ ਪਹਿਲਾਂ ਕਿਸੇ ਨਾਲ ਝਗੜਾ ਹੋਇਆ ਸੀ। ਹਾਲਾਂਕਿ ਪੁਲਿਸ ਇਸ ਸਮੇਂ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰ ਰਹੀ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਜਾਂਚ ਸ਼ੁਰੂ ਕੀਤੀ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਫੋਰੈਂਸਿਕ ਜਾਂਚ ਨੂੰ ਧਿਆਨ ’ਚ ਰੱਖਦੇ ਹੋਏ ਘਟਨਾ ਸਥਾਨ ਤੋਂ ਜ਼ਰੂਰੀ ਸਬੂਤ ਵੀ ਇਕੱਠੇ ਕੀਤੇ ਗਏ। ਐੱਸਐੱਚਓ ਜੈ ਇੰਦਰ ਸਿੰਘ ਨੇ ਕਿਹਾ ਕਿ, ਪਹਿਲੀ ਨਜ਼ਰੇ ਮੱਥੇ 'ਤੇ ਸੱਟ ਦਾ ਨਿਸ਼ਾਨ ਦੇਖਿਆ ਗਿਆ ਹੈ। ਇਸ ਸੱਟ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੱਕ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਦਰਜ ਕੀਤੇ ਹਨ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਸੰਦੀਪ ਨੂੰ ਆਖਰੀ ਵਾਰ ਕਿਸ ਨਾਲ ਦੇਖਿਆ ਗਿਆ ਸੀ ਤੇ ਉਹ ਖਾਲੀ ਪਲਾਟ 'ਤੇ ਕਿਵੇਂ ਪਹੁੰਚਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਸ਼ੱਕੀ ਮੌਤ ਵਜੋਂ ਦਰਜ ਕੀਤਾ ਹੈ।