ਛੱਪੜ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਾਮ ਕੀਤਾ ਹਾਈਵੇ
ਪਿੰਡ ਦੇ ਛੱਪੜ ’ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਪਰਿਵਾਰ ਵੱਲੋਂ ਹਾਈਵੇ ਜਾਮ
Publish Date: Thu, 02 Apr 2026 08:36 PM (IST)
Updated Date: Thu, 02 Apr 2026 08:40 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਰਾੜੀ ਦੇ 32 ਸਾਲਾ ਨੌਜਵਾਨ ਨਰਿੰਦਰ ਸੁਰੀਲਾ ਦੀ ਲਾਸ਼ ਪਿੰਡ ਦੇ ਹੀ ਛੱਪੜ ’ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ ਪੈਦਾ ਹੋ ਗਿਆ। ਨਰਿੰਦਰ ਸੁਰੀਲਾ 31 ਮਾਰਚ ਨੂੰ ਸਵੇਰੇ ਘਰੋਂ ਨਿਕਲਿਆ ਸੀ ਪਰ ਵਾਪਸ ਨਾ ਪਰਤਣ ’ਤੇ ਉਸ ਦੀ ਭਾਲ ਕੀਤੀ ਗਈ। ਅਗਲੇ ਦਿਨ ਪੁਲਿਸ ਚੌਕੀ ਕਿਸ਼ਨਗੜ੍ਹ ’ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ। ਇਸ ਦੌਰਾਨ ਉਸ ਦੀਆਂ ਚੱਪਲਾਂ ਪਿੰਡ ਦੇ ਛੱਪੜ ਕੋਲ ਮਿਲਣ ’ਤੇ ਸ਼ੱਕ ਹੋਇਆ ਕਿ ਉਹ ਪਾਣੀ ’ਚ ਡਿੱਗ ਗਿਆ ਹੈ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਈ ਦਿਨ ਭਾਲ ਕਰਨ ਦੇ ਬਾਵਜੂਦ ਕੋਈ ਸਫਲਤਾ ਨਹੀਂ ਮਿਲੀ। ਆਖ਼ਰਕਾਰ ਵੀਰਵਾਰ ਨੂੰ ਕਰੇਨ ਦੀ ਮਦਦ ਨਾਲ ਛੱਪੜ ’ਚੋਂ ਨਰਿੰਦਰ ਦੀ ਲਾਸ਼ ਬਰਾਮਦ ਕੀਤੀ ਗਈ। ਲਾਸ਼ ਮਿਲਣ ਉਪਰੰਤ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬਿਆਸ ਅੱਡੇ ’ਤੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ, ਜਿਸ ਕਾਰਨ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸੇ ਛੱਪੜ ਕਾਰਨ ਪਹਿਲਾਂ ਵੀ ਦੋ ਮੌਤਾਂ ਹੋ ਚੁੱਕੀਆਂ ਹਨ, ਜਿਸ ’ਚ ਨਰਿੰਦਰ ਦੇ ਪਿਤਾ ਗੋਪਾਲ ਸੁਰੀਲਾ ਦੀ ਮੌਤ ਵੀ ਤਿੰਨ ਸਾਲ ਪਹਿਲਾਂ ਹੋਈ ਸੀ। ਇਸ ਤੋਂ ਇਲਾਵਾ ਇਕ ਛੋਟੇ ਬੱਚੇ ਦੀ ਵੀ ਇਸੇ ਛੱਪੜ ’ਚ ਡਿੱਗਣ ਨਾਲ ਜਾਨ ਗਈ ਸੀ। ਉਨ੍ਹਾਂ ਨੇ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿੰਡ ਵਿਚਾਲੇ ਬਣੇ ਇਸ ਛੱਪੜ ਨੂੰ ਛੇਤੀ ਤੋਂ ਛੇਤੀ ਪੂਰਿਆ ਜਾਵੇ। ਪਿੰਡ ਦੀ ਸਰਪੰਚ ਸਰੋਜ ਬਾਲਾ ਤੇ ਮੰਗਾ ਰਾਮ ਨੇ ਦੱਸਿਆ ਕਿ ਪੰਚਾਇਤ ਵੱਲੋਂ ਛੱਪੜ ਨੂੰ ਪੂਰਨ ਤੇ ਇਸ ਜਗ੍ਹਾ ’ਤੇ ਪਾਰਕ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਤੇ ਸਰਕਾਰ ਵੱਲੋਂ 9 ਲੱਖ ਰੁਪਏ ਦੀ ਗ੍ਰਾਂਟ ਵੀ ਮਿਲ ਚੁੱਕੀ ਹੈ ਪਰ ਕੁਝ ਲੋਕ ਇਸ ’ਚ ਰੁਕਾਵਟ ਪਾ ਰਹੇ ਹਨ। ਧਰਨੇ ਦੌਰਾਨ ਐੱਸਡੀਐੱਮ ਆਦਮਪੁਰ ਕੁਮਾਰ ਵਿਸ਼ਵਾਸ ਬੈਂਸ, ਡੀਐੱਸਪੀ ਰਾਜੀਵ ਕਪੂਰ ਤੇ ਐੱਸਐੱਚਓ ਰਾਜੇਸ਼ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ, ਬੱਚਿਆਂ ਨੂੰ ਮੁਆਵਜ਼ਾ ਤੇ ਛੱਪੜ ਦੇ ਮਸਲੇ ਦਾ ਹੱਲ ਕੀਤਾ ਜਾਵੇ। ਪਿੰਡ ਵਾਸੀਆਂ ਦੇ ਦਬਾਅ ’ਤੇ ਐੱਸਡੀਐੱਮ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਗਿਆ ਤੇ ਦੋ ਦਿਨਾਂ ’ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਾਮ ਕਰੀਬ ਪੰਜ ਵਜੇ ਧਰਨਾ ਸਮਾਪਤ ਕਰ ਦਿੱਤਾ ਗਿਆ।