50 ਤੋਂ ਵੱਧ ਵਿਦਿਆਰਥੀਆਂ ਨੇ ਕੀਤਾ ਖ਼ੂਨਦਾਨ ਯੂਨੀਵਰਸਿਟੀ ਕਾਲਜ ’ਚ ਖੂਨਦਾਨ ਕੈਂਪ ਲਗਾਇਆ, 50 ਤੋਂ ਵੱਧ ਵਿਦਿਆਰਥੀਆਂ ਨੇ ਕੀਤਾ ਖੂਨਦਾਨ
Publish Date: Fri, 09 Oct 2026 07:17 PM (IST)
Updated Date: Fri, 09 Oct 2026 07:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਰੈੱਡ ਕਰਾਸ ਸੁਸਾਇਟੀ, ਜਲੰਧਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ 50 ਤੋਂ ਵੱਧ ਵਿਦਿਆਰਥੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ। ਇਸ ਮੌਕੇ ਪੀਸੀਐੱਸ ਅਧਿਕਾਰੀ ਤੇ ਸਹਾਇਕ ਕਮਿਸ਼ਨਰ, ਜਲੰਧਰ, ਵਰੁਣ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਓਐੱਸਡੀ ਪ੍ਰੋ. (ਡਾ.) ਨਵਜੋਤ ਕੌਰ ਨੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਵਰੁਣ ਕੁਮਾਰ ਨੇ ਕਿਹਾ ਕਿ ਸਵੈ-ਇੱਛਾ ਨਾਲ ਕੀਤਾ ਗਿਆ ਖੂਨਦਾਨ ਕਿਸੇ ਲੋੜਵੰਦ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ। ਕਾਲਜ ਦੇ ਓਐੱਸਡੀ ਪ੍ਰੋ. (ਡਾ.) ਨਵਜੋਤ ਕੌਰ ਨੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੇਵਾ ਦਾ ਮਹਾਨ ਕਾਰਜ ਹੈ। ਕੈਂਪ ਦੌਰਾਨ ਸਿਵਲ ਹਸਪਤਾਲ, ਜਲੰਧਰ ਦੀ ਮੈਡੀਕਲ ਟੀਮ ਨੇ ਖੂਨਦਾਨ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਤੇ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ। ਟੀਮ ’ਚ ਡਾ. ਰੁਪਿੰਦਰਜੀਤ ਕੌਰ, ਸਟਾਫ਼ ਨਰਸ ਗਗਨਦੀਪ ਕੌਰ, ਲੈਬਾਰਟਰੀ ਟੈਕਨੀਸ਼ੀਅਨ ਰਣਜੀਤ ਕੌਰ ਤੇ ਪ੍ਰਿੰਸ ਸਮੇਤ ਹੋਰ ਸਟਾਫ਼ ਮੈਂਬਰ ਸ਼ਾਮਲ ਸਨ। ਇਸ ਮੌਕੇ ਕੌਂਸਲਰ ਅਜੈ ਕੁਮਾਰ ਵੀ ਮੌਜੂਦ ਰਹੇ। ਕਾਲਜ ਦੇ ਪੰਜਾਬੀ ਵਿਭਾਗ ਦੇ ਇੰਚਾਰਜ ਤੇ ਐੱਨਐੱਸਐੱਸ ਵਿਭਾਗ ਦੇ ਨਾਲ-ਨਾਲ ਰੈੱਡ ਰਿਬਨ ਕਲੱਬ ਦੇ ਵਾਧੂ ਇੰਚਾਰਜ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਅਹਿਮ ਲੋੜ ਹੈ ਤੇ ਅਜਿਹੇ ਕੈਂਪ ਨੌਜਵਾਨਾਂ ’ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਕਾਲਜ ਦੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਅਸ਼ੋਕ ਕੁਮਾਰ, ਵਿਨੀਤ ਵਿਰਦੀ ਤੇ ਅੰਮ੍ਰਿਤਪਾਲ ਸਿੰਘ ਨੇ ਵੀ ਕੈਂਪ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ’ਚ ਸਹਿਯੋਗ ਦਿੱਤਾ।