ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ
ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ
Publish Date: Wed, 25 Feb 2026 08:13 PM (IST)
Updated Date: Wed, 25 Feb 2026 08:16 PM (IST)
-ਬੈਂਕਾਂ ਨੂੰ ਆਰਬੀਆਈ ਵੱਲੋਂ ਕੀਤੀਆਂ ਅਹਿਮ ਤਬਦੀਲੀਆਂ ਬਾਰੇ ਦਿੱਤੀ ਜਾਣਕਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿੱਤੀ ਵਰ੍ਹੇ 2025-26 ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ ) ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਕੜੀ ਤਹਿਤ ਐੱਲਡੀਐੱਮ ਜਲੰਧਰ, ਐੱਮਐੱਸ ਮੋਤੀ ਵੱਲੋਂ ਅੱਜ ਜਲੰਧਰ ਪੂਰਬੀ ਤੇ ਜਲੰਧਰ ਪੱਛਮੀ ਬਲਾਕ ’ਚ ਮੀਟਿੰਗਾਂ ਕੀਤੀਆਂ। ਬੈਂਕਾਂ ਦੇ ਜ਼ਿਲ੍ਹਾ ਨੁਮਾਇੰਦਿਆਂ ਦੀ ਇਸ ਮੀਟਿੰਗ ’ਚ ਐੱਲਡੀਐੱਮ ਨੇ ਰਿਜ਼ਰਵ ਬੈਂਕ ਵੱਲੋਂ ਕੀਤੀਆਂ ਗਈਆਂ ਕੁੱਝ ਮਹੱਤਵਪੂਰਨ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲਾਗੂ ਕਰਨ ਲਈ ਵੀ ਕਿਹਾ, ਜਿਸ ’ਚ ਟਰਾਂਸਜੈਂਡਰ ਨੂੰ ਕਰਜ਼ਿਆਂ ’ਚ ਆਉਦੀਆਂ ਮੁਸ਼ਕਿਲਾਂ ਬਾਰੇ ਪੱਤਰ ਦਾ ਵੀ ਜ਼ਿਕਰ ਕੀਤਾ। ਮੀਟਿੰਗ ਦੌਰਾਨ ਐੱਸਸੀ/ਐੱਸਟੀ ਕਾਰਪੋਰੇਸ਼ਨ, ਪੀਐੱਮਐੱਫ਼ਐੱਮਈ, ਪੀਐੱਮਈਜੀਪੀ ਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਹਾਜ਼ਰ ਸਨ। ਐੱਲਡੀਐੱਮ ਨੇ ਸਰਕਾਰੀ ਵੱਲੋਂ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਤਹਿਤ ਬੈਂਕਾਂ ’ਚ ਪੈਂਡਿੰਗ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਲਈ ਹਦਾਇਤ ਕੀਤੀ ਤਾਂ ਜੋ ਸਕੀਮਾਂ ਦਾ ਲਾਭ ਲੋੜਵੰਦ ਲਾਭਪਾਤਰੀਆਂ ਨੂੰ ਮਿਲਣ ਦੇ ਨਾਲ-ਨਾਲ ਜ਼ਿਲ੍ਹੇ ਦੇ ਕਰਜ਼ਾ ਜਮ੍ਹਾਂ ਅਨੁਪਾਤ ’ਚ ਸੁਧਾਰ ਹੋ ਸਕੇ। ਦਸੰਬਰ 2026, ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਬੈਂਕਾਂ ਨੂੰ ਸੀ ਡੀ ਰੇਸ਼ੋ ’ਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ। ਮੀਟਿੰਗ ’ਚ ਰੂਡਸੈਟ ਇੰਸਟੀਚਿਊਟ ਜਲੰਧਰ ਦੇ ਡਾਇਰੈਕਟਰ ਸੰਜੀਵ ਚੌਹਾਨ ਨੇ ਸ਼ਿਰਕਤ ਕਰਦਿਆਂ ਸੰਸਥਾ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਖੀ ਕਿੱਤਾ ਸਿਖਲਾਈ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਸਥਾ ਵੱਲੋਂ ਮੁਫ਼ਤ ਚਲਾਏ ਜਾ ਰਹੇ ਕੋਰਸਾਂ ਬਾਰੇ ਵੀ ਦੱਸਿਆ। ਮੀਟਿੰਗ ’ਚ ਆਰਬੀਆਈ ਵੱਲੋਂ ਚਲਾਈ ਵਿੱਤੀ ਸਾਖ਼ਰਤਾ ਮੁਹਿੰਮ ਦੇ ਪੋਸਟਰ ਵੀ ਵੰਡੇ ਗਏ।