ਅਮਰੀਕੀ ਸੰਧੀ ਖ਼ਿਲਾਫ਼ ਕਿਸਾਨ ਲਹਿਰ ਦਾ ਉੱਠਣਾ ਸੁਭਾਵਿਕ
ਗ਼ਦਰੀ ਦੇਸ਼ ਭਗਤਾਂ ਦੀ ਧਰਤੀ 'ਤੇ ਕਿਸਾਨਾਂ ਉਪਰ ਅੰਨ੍ਹਾ ਦਸ਼ੱਦ ਦੇਸ਼ ਭਗਤਾਂ ਦਾ ਅਪਮਾਨ ਕਰਨਾ ਹੈ-- ਦੇਸ਼ ਭਗਤ ਕਮੇਟੀ
Publish Date: Wed, 18 Feb 2026 07:46 PM (IST)
Updated Date: Wed, 18 Feb 2026 07:48 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਗ਼ਦਰ ਪਾਰਟੀ ਤੋਂ ਸ਼ੁਰੂ ਕਰਕੇ ਕਿਰਤੀ ਪਾਰਟੀ ਕਿਸਾਨ ਸਭਾ ਤੇ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਤੇ ਸਰਗਰਮੀਆਂ ਕਰਨ ਵਾਲੇ ਦੇਸ਼ ਭਗਤਾਂ ਦੀ ਧਰਤੀ ਤੇ ਅੱਜ ਜਿਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਹਕੂਮਤੀ ਹੱਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਗਿਆ ਇਸ ਨੇ ਇਕ ਵਾਰ ਫਿਰ ਅੰਮ੍ਰਿਤਸਰ ਦੇ ਕਿਸਾਨ ਮੋਰਚੇ, ਜਲ੍ਹਿਆਂਵਾਲਾ ਬਾਗ ਤੇ ਕਿਸਾਨ ਸਭਾ ਦੀਆਂ ਸਭਨਾਂ ਸਰਗਰਮੀਆਂ ਉਪਰ ਢਾਹੇ ਜਾਂਦੇ ਰਹੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈੱਸ ਬਿਆਨ ਚ ਕਿਹਾ ਹੈ ਕਿ ਆਪਣੇ ਕਿਸਾਨ ਕਾਰਕੁਨਾਂ ਉੱਪਰ ਮੜ੍ਹੇ ਝੂਠੇ ਕੇਸ ਰੱਦ ਕਰਕੇ ਰਿਹਾ ਕਰਨ ਦੀ ਮੰਗ ਲਈ ਅੱਜ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੁਰ ਅਮਨ ਰੋਸ ਧਰਨਾ ਰੱਖਿਆ ਸੀ, ਜਿਸਨੂੰ ਨਕਾਮ ਕਰਨ ਲਈ ਅੱਜ ਸਰਘੀ ਵੇਲੇ ਤੋਂ ਹੀ ਪਿੰਡ ਪਿੰਡ ਛਾਪੇਮਾਰੀ, ਨਾਕੇਬੰਦੀ, ਪਿੰਡਾਂ ਦੀਆਂ ਸੱਥਾਂ ’ਚ ਜੁੜਦੇ ਲੋਕਾਂ ਉੱਪਰ ਅਥਰੂ ਗੈਸ ਤੇ ਡਾਂਗਾਂ ਦੀ ਵਰਖਾ ਕਰਕੇ ਵੱਡੀ ਪੱਧਰ ’ਤੇ ਪੁਲਿਸ ਲਾਮ ਲਸਕਰ ਨਾਲ ਹੱਲੇ ਬੋਲਣ ਦੀ ਸਖ਼ਤ ਨਿੰਦਾ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਮਰਦਾਂ ਔਰਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਏ। ਕਮੇਟੀ ਦਾ ਵਿਚਾਰ ਹੈ ਕਿ ਭਗਵੰਤ ਮਾਨ ਹਕੂਮਤ ਅਸਲ ’ਚ ਮੋਦੀ ਹਕੂਮਤ ਦੀਆਂ ਨੀਤੀਆਂ ਲਾਗੂ ਕਰਨ ਲਈ ਰਾਹ ਮੋਕਲਾ ਕਰਨ ਦਾ ਕੰਮ ਕਰਨ ਲੱਗੀ ਹੋਈ ਹੈ ਕਿਉਂਕਿ ਤਾਜ਼ਾ ਅਮਰੀਕੀ ਸੰਧੀ ਜੋ ਕਿ ਮੁਲਕ ਦੇ ਖੇਤੀ ਬਾਗਬਾਨੀ ਤੇ ਹੋਰ ਸਭਨਾ ਖੇਤਰਾਂ ਅੰਦਰ ਵੱਡੀ ਪੱਧਰ ’ਤੇ ਤਬਾਹੀ ਲੈ ਕੇ ਆਏਗੀ, ਉਸ ਖ਼ਿਲਾਫ਼ ਕਿਸਾਨ ਲਹਿਰ ਦਾ ਉੱਠਣਾ ਸੁਭਾਵਕ ਹੈ। ਉਨ੍ਹਾਂ ਜਵਾਰ ਭਾਟਿਆਂ ਨੂੰ ਰੋਕਣ ਲਈ ਹਕੂਮਤ ਪਹਿਲਾਂ ਹੀ ਰੱਸੇ ਪੈੜੇ ਵੱਟ ਰਹੀ ਹੈ। ਅੱਜ ਦਾ ਕਿਸਾਨਾਂ ’ਤੇ ਬੋਲਿਆ ਬੇਕਿਰਕ ਹੱਲਾ ਉਸ ਲੜੀ ਦਾ ਹੀ ਇਕ ਹਿੱਸਾ ਹੈ। ਕਮੇਟੀ ਨੇ ਸਾਰੇ ਜਮਹੂਰੀ ਤੇ ਲੋਕ ਪੱਖੀ ਸ਼ਕਤੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ 27 ਫਰਵਰੀ ਨੂੰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਮੁਹਿੰਮ ਦੇ ਅਗਾਜ਼ ਮੌਕੇ ਦੇਸ਼ ਭਗਤ ਯਾਦਗਾਰ ਹਾਲ ’ਚ ਹੋ ਰਹੀ ਵਿਚਾਰ ਚਰਚਾ ’ਚ ਹੁੰਮ ਹੁੰਮਾ ਕੇ ਪੁੱਜਣ, ਜਿੱਥੇ ਇਨ੍ਹਾਂ ਸਵਾਲਾਂ ਨੂੰ ਬੱਬਰ ਅਕਾਲੀ ਲਹਿਰ ਦੀ ਪ੍ਰਸੰਗਿਕਤਾ ਨਾਲ ਜੋੜ ਕੇ ਵਿਚਾਰਿਆ ਜਾਵੇਗਾ।