- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਮਲਸੀਆਂ ਵਿਖੇ ਚੋਣ ਇਜਲਾਸ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੀ ਜਿਲਾ ਕਮੇਟੀ ਦੀ ਚੋਣ ਲਈ ਮਲਸੀਆਂ ਵਿਖੇ ਚੋਣ ਇਜਲਾਸ ਕੀਤਾ ਗਿਆ। ਚੋਣ ਅਜਲਾਸ ’ਚ ਜਨਕ ਸਿੰਘ ਭੁਟਾਲ ਮੀਤ ਪ੍ਰਧਾਨ ਪੰਜਾਬ, ਜਗਤਾਰ ਸਿੰਘ ਕਾਲਾ ਝਾੜ ਪ੍ਰੈੱਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਅਮਰੀਕ ਸਿੰਘ ਗੰਡੂਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਜਲਾਸ ’ਚ ਬਲਾਕ ਸ਼ਾਹਕੋਟ, ਬਲਾਕ ਨਕੋਦਰ ਤੇ ਬਲਾਕ ਲੋਹੀਆਂ ਦੀਆਂ ਲਗਭੱਗ 22 ਇਕਾਈਆਂ ਦੇ ਸਰਗਰਮ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਅਮੀਸ਼ ਬਾਗਪੁਰ ਦੁਆਰਾ ਬਾਬਾ ਨਜ਼ਮੀ ਦੀ ਇਕ ਨਜ਼ਮ ਦੇ ਨਾਲ ਹੋਈ। ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਪੰਜਾਬ ਤੇ ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ, ਖੇਤੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ, ਸਾਮਰਾਜੀ ਸ਼ਕਤੀਆਂ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਬਾਰੇ ਚਾਨਣਾ ਪਾਇਆ।
ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਖੇਤੀ ਖੇਤਰ ਪਹਿਲਾਂ ਹੀ ਗੰਭੀਰ ਸੰਕਟ ਨਾਲ ਘਿਰਿਆ ਹੋਇਆ ਹੈ। ਖੇਤੀ ਵਸਤਾਂ ਸਬੰਧੀ ਮੁਕਤ ਵਪਾਰ ਸਮਝੌਤੇ ਖੇਤੀ ਖੇਤਰ ਨੂੰ ਬਿਲਕੁਲ ਤਬਾਹ ਕਰ ਦੇਣਗੇ। ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਇਕ ਮੁੱਠ ਹੋਣ ਦਾ ਸੱਦਾ ਦਿੱਤਾ। ਜਨਕ ਸਿੰਘ ਭੰਡਾਲ ਮੀਤ ਪ੍ਰਧਾਨ ਨੇ ਜਥੇਬੰਦੀ ਦੇ ਜਥੇਬੰਧਕ ਢਾਂਚੇ ਤੇ ਵਿਧਾਨ ਬਾਰੇ ਵਿਆਖਿਆ ਕੀਤੀ। ਸਰਮਾਏਦਾਰੀ ਵਰਗ ਤੇ ਕਿਰਤੀ ਵਰਗ ਦੀ ਵਰਗ ਵੰਡ ਦਾ ਵਰਣਨ ਕੀਤਾ। ਜਥੇਬੰਦੀ ਦੇ ਇਤਿਹਾਸ ਤੇ ਵੱਖ-ਵੱਖ ਘੋਲਾਂ ’ਚ ਜਥੇਬੰਦੀ ਵੱਲੋਂ ਨਿਭਾਈ ਭੂਮਿਕਾ ਬਾਰੇ ਦੱਸਿਆ। ਭਰਾਤਰੀ ਜਥੇਬੰਦੀਆਂ ’ਚੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ ਤੇ ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਵੱਲੋਂ ਬਿੱਟੂ ਰੂਪੇਵਾਲੀ ਸਾਥੀਆਂ ਸਮੇਤ ਹਾਜ਼ਰ ਹੋਏ।
ਅੰਤ ’ਚ ਹਾਜ਼ਰ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ। ਇਸ ’ਚ ਗੁਰਚਰਨ ਸਿੰਘ ਚਾਹਲ ਨੂੰ ਜ਼ਿਲ੍ਹਾ ਪ੍ਰਧਾਨ ਜਗੀਰ ਜੋਸ਼ਨ ਨੂੰ ਜ਼ਿਲ੍ਹਾ ਸਕੱਤਰ, ਮੋਹਨ ਸਿੰਘ ਬੱਲ ਨੂੰ ਮੀਤ ਪ੍ਰਧਾਨ, ਸੁੱਚਾ ਸਿੰਘ ਤਲਵੰਡੀ ਸਲੇਮ ਨੂੰ ਸਹਾਇਕ ਸਕੱਤਰ, ਜਸਪਾਲ ਸਿੰਘ ਨੂੰ ਖਜ਼ਾਨਚੀ, ਮਨਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਤੇ ਮਾਸਟਰ ਕੁਲਦੀਪ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਚੋਣ ਦੇ ਅੰਤ ’ਚ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਹਾਜ਼ਰ ਹੋਏ ਸਾਰੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦਾ ਧੰਨਵਾਦ ਕੀਤਾ ਤੇ ਉਨਾਂ ਨੇ ਭਰੋਸਾ ਦਿੱਤਾ ਕਿ ਨਵੀਂ ਚੁਣੀ ਗਈ ਕਮੇਟੀ ਤਨਦੇਹੀ ਨਾਲ ਜ਼ਿੰਮੇਵਾਰੀਆਂ ਨਿਭਾਵੇਗੀ।