- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਬੂਥ 'ਤੇ ਭਾਜਪਾ ਵਰਕਰ ਕਰਨਗੇ ਮੀਟਿੰਗਾਂ, ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਕਰਨਗੇ ਜਾਗਰੂਕ : ਅਸ਼ੋਕ ਸਰੀਨ ਹਿੱਕੀ

30 ਨੂੰ ਜਲੰਧਰ ’ਚ ਹੋਣ ਵਾਲੀ ਅਮਿਤ ਸ਼ਾਹ ਦੀ ਮਹਾਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਨੇ ਬੂਥ ਪੱਧਰ ਤੱਕ ਬਣਾਈ ਰਣਨੀਤੀ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ :
ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਸਥਾਨਕ ਭਾਜਪਾ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦਾ ਮੁੱਖ ਉਦੇਸ਼ 30 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਹਾਰੈਲੀ ਨੂੰ ਸਫਲ ਬਣਾਉਣ ਲਈ ਸੰਗਠਨਾਤਮਕ ਤਿਆਰੀਆਂ ਦੀ ਸਮੀਖਿਆ ਕਰਨਾ ਅਤੇ ਬੂਥ ਪੱਧਰ ਤੱਕ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨਾ ਸੀ। ਮੀਟਿੰਗ ਵਿੱਚ ਮੰਡਲ ਪ੍ਰਧਾਨਾਂ, ਸ਼ਕਤੀ ਕੇਂਦਰ ਮੁਖੀਆਂ ਅਤੇ ਜ਼ਿਲ੍ਹਾ ਅਹੁਦੇਦਾਰਾਂ ਨਾਲ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਹਰ ਸ਼ਕਤੀ ਕੇਂਦਰ ਲਈ ਵੱਖ-ਵੱਖ ਕੋਆਰਡੀਨੇਟਰ ਨਿਯੁਕਤ ਕੀਤੇ ਗਏ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦਾ ਸੰਗਠਨ ਬੂਥ ਪੱਧਰ ਤੱਕ ਮਜ਼ਬੂਤ ਹੈ ਅਤੇ ਪਾਰਟੀ ਦਾ ਹਰ ਵਰਕਰ ਆਪਣੇ-ਆਪਣੇ ਖੇਤਰ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕਰੇਗਾ ਤੇ ਉਨ੍ਹਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗਾ। ਜਲੰਧਰ ਸ਼ਹਿਰੀ ਅਧੀਨ ਆਉਂਦੇ 587 ਬੂਥਾਂ 'ਤੇ ਭਾਜਪਾ ਵਰਕਰ ਵਿਸ਼ੇਸ਼ ਮੀਟਿੰਗਾਂ ਕਰਨਗੇ। ਇਨ੍ਹਾਂ ਮੀਟਿੰਗਾਂ ਰਾਹੀਂ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਹਿੱਕੀ ਨੇ ਕਿਹਾ ਕਿ 30 ਸਤੰਬਰ ਦੀ ਜਲੰਧਰ ਮਹਾਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਸੰਦੇਸ਼ ਦੇਣ ਦਾ ਕੰਮ ਕਰੇਗੀ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਭਾਜਪਾ ਦਾ ਪੂਰਾ ਸੰਗਠਨ ਦਿਨ-ਰਾਤ ਮਿਹਨਤ ਕਰ ਰਿਹਾ ਹੈ।
ਮੀਟਿੰਗ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਜ਼ਿਲ੍ਹਾ ਉਪ ਪ੍ਰਧਾਨ ਭੂਪਿੰਦਰ ਕੁਮਾਰ, ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਸ਼ਾਮ ਸ਼ਰਮਾ, ਬਲਜੀਤ ਪ੍ਰਿੰਸ, ਕੌਂਸਲਰ ਰਵੀ ਕੁਮਾਰ, ਕੌਂਸਲਰ ਅਮਿਤ ਸਿੰਘ ਸੰਧਾ ਸਮੇਤ ਕਈ ਅਹੁਦੇਦਾਰ ਹਾਜ਼ਰ ਸਨ। ਇਸ ਤੋਂ ਇਲਾਵਾ ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ, ਮਨਹਰ ਪਾਸ਼ਾਣ, ਚੰਦਨ ਰਖੇਜਾ, ਰਾਜੇਸ਼ ਜੈਨ, ਮਨੀਸ਼ ਬਲ, ਅਜੈ ਠਾਕੁਰ, ਸੁਨੀਲ ਚੋਪੜਾ, ਸੂਰਿਆ ਮਿਸ਼ਰਾ, ਸੌਰਭ ਸ਼ਰਮਾ, ਬਾਬੂ ਅਰੋੜਾ, ਸ਼ੈਲੀ ਖੰਨਾ, ਇੰਦੂ ਅਗਰਵਾਲ, ਸ਼ਾਲੂ ਕੁਮਾਰੀ, ਅਜਮੇਰ ਸਿੰਘ ਬਾਦਲ, ਪ੍ਰਮੋਦ ਕਸ਼ਯਪ, ਡਿੰਪੀ ਲੁਭਾਣਾ, ਲਲਿਤ ਬਾਬੂ ਯਾਦਵ, ਗੌਰਵ ਰਾਏ ਅਤੇ ਹੋਰ ਭਾਜਪਾ ਅਹੁਦੇਦਾਰ ਵੀ ਮੌਜੂਦ ਸਨ। ਮੀਟਿੰਗ ਦੇ ਅੰਤ ’ਚ ਸਾਰੇ ਅਹੁਦੇਦਾਰਾਂ ਨੇ ਸੰਕਲਪ ਲਿਆ ਕਿ 30 ਸਤੰਬਰ ਦੀ ਮਹਾਰੈਲੀ ਨੂੰ ਇਤਿਹਾਸਕ ਬਣਾਉਣ ’ਚ ਸਰਗਰਮ ਭੂਮਿਕਾ ਨਿਭਾਉਣਗੇ।