ਦੋਆਬਾ ਬਿਸਤ ਨਹਿਰ ’ਚ ਗੰਦਗੀ ਖ਼ਿਲਾਫ਼ ਭਾਜਪਾ ਨੇ ਕੀਤਾ ਰੋਸ ਮੁਜ਼ਾਹਰਾ ਦੋਆਬਾ ਬਿਸਤ ਨਹਿਰ ਵਿੱਚ ਗੰਦਗੀ ਦੇ ਢੇਰਾਂ ਖ਼ਿਲਾਫ਼ ਭਾਜਪਾ ਵੱਲੋਂ ਪ੍ਰਦਰਸ਼ਨ
Publish Date: Sat, 05 Sep 2026 08:39 PM (IST)
Updated Date: Sat, 05 Sep 2026 08:40 PM (IST)
-ਪ੍ਰਦੀਪ ਖੁੱਲਰ ਦੀ ਅਗਵਾਈ ਹੇਠ ਪੁਤਲਾ ਫੂਕਿਆ, ਹੱਲ ਨਾ ਹੋਣ ’ਤੇ ਭੁੱਖ ਹੜਤਾਲ ਤੇ ਘਿਰਾਓ ਦੀ ਚਿਤਾਵਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵੈਸਟ ਹਲਕੇ ਦੇ ਲੈਦਰ ਕੰਪਲੈਕਸ ਨੇੜੇ ਦੋਆਬਾ ਬਿਸਤ ਨਹਿਰ ਵਿੱਚ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਨੂੰ ਲੈ ਕੇ ਸ਼ਨਿਚਰਵਾਰ ਭਾਰਤੀ ਜਨਤਾ ਪਾਰਟੀ ਮੰਡਲ ਬਸਤੀ ਬਾਵਾ ਖੇਲ ਤੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ, ਨਗਰ ਨਿਗਮ ਅਤੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਮੰਡਲ ਬਸਤੀ ਬਾਵਾ ਖੇਲ ਦੇ ਮੰਡਲ ਪ੍ਰਧਾਨ ਪ੍ਰਦੀਪ ਖੁੱਲਰ ਦੀ ਅਗਵਾਈ ਹੇਠ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਨਹਿਰ ਦੇ ਆਸ-ਪਾਸ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਲਾਕੇ ਵਿੱਚ ਚਾਰੋਂ ਪਾਸੇ ਬਦਬੂ ਫੈਲ ਰਹੀ ਹੈ। ਗੰਦਗੀ ਕਾਰਨ ਸਥਾਨਕ ਵਸਨੀਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਬਸਤੀ ਬਾਵਾ ਖੇਲ ਦੀ ਕਥਿਤ ਨਾਜਾਇਜ਼ ਮੱਛੀ ਮਾਰਕੀਟ ਵਿੱਚੋਂ ਨਿਕਲਣ ਵਾਲੀ ਗੰਦਗੀ ਵੀ ਨਹਿਰ ਵਿੱਚ ਸੁੱਟੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਵਿਅਕਤੀ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਗੰਦਗੀ ਸੁੱਟਣ ਜਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰਦੀਪ ਖੁੱਲਰ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਸਮੱਸਿਆ ਦੇ ਬਾਵਜੂਦ ਨਗਰ ਨਿਗਮ ਅਤੇ ਨਹਿਰੀ ਵਿਭਾਗ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਵਾਲ ਕੀਤਾ ਕਿ ਨਿਗਮ ਕਮਿਸ਼ਨਰ, ਹਲਕਾ ਵਿਧਾਇਕ, ਜਲੰਧਰ ਦੇ ਮੇਅਰ ਅਤੇ ਸਬੰਧਤ ਨਹਿਰੀ ਵਿਭਾਗ ਦੇ ਮੰਤਰੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਅਤੇ ਆਵਾਜਾਈ ਲਈ ਸਾਫ਼ ਰਸਤਾ ਮਿਲਣਾ ਉਨ੍ਹਾਂ ਦਾ ਹੱਕ ਹੈ। ਸਰਕਾਰ ਅਤੇ ਸਬੰਧਤ ਵਿਭਾਗ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਣਦੇਖਾ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਭਾਜਪਾ ਆਗੂ ਨੇ ਚਿਤਾਵਨੀ ਦਿੱਤੀ ਕਿ ਜੇ ਦੋਆਬਾ ਬਿਸਤ ਨਹਿਰ, ਲੈਦਰ ਕੰਪਲੈਕਸ ਨੇੜੇ ਗੰਦਗੀ ਦੀ ਸਮੱਸਿਆ ਦਾ ਜਲਦ ਸਥਾਈ ਹੱਲ ਨਾ ਕੀਤਾ ਗਿਆ ਤਾਂ ਭਾਜਪਾ ਮੰਡਲ ਬਸਤੀ ਬਾਵਾ ਖੇਲ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਨਹਿਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਦਫ਼ਤਰ ਦਾ ਘੇਰਾਓ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਗੰਦਗੀ ਦੇ ਢੇਰ ਚੁਕਵਾਏ ਜਾਣ, ਨਹਿਰ ਅਤੇ ਆਸ-ਪਾਸ ਦੀ ਸਫ਼ਾਈ ਕਰਵਾਈ ਜਾਵੇ ਅਤੇ ਗੰਦਗੀ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਵਿੰਕਲ ਭਗਤ, ਸੁਰਜੀਤ ਭੁੱਲਰ, ਸਾਹਿਲ ਭਗਤ, ਗੁਰਪ੍ਰੀਤ ਸਿੰਘ, ਰਾਕੇਸ਼ ਥਾਪਾ, ਮਦਨ ਲਾਲ ਅਰੋੜਾ, ਸੁਨੀਲ ਚੋਪੜਾ, ਕਮਲਜੀਤ ਸਿੰਘ ਤੇ ਸਾਬੀ ਮੰਨਾ ਢਾਬੇ ਵਾਲਾ ਹਾਜ਼ਰ ਸਨ।