- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਦੇ ਨਾਮ ਐਸਡੀਐਮ-1 ਨੂੰ ਮੰਗ ਪੱਤਰ

ਹਿੱਕੀ ਦੀ ਅਗਵਾਈ ਹੇਠ ਸੀਐੱਮ ਦੇ ਨਾਂ ਦਿੱਤਾ ਮੰਗ ਪੱਤਰ
ਕਿਹਾ, ਹਰ ਵਰਗ ਨਾਲ ਬੈਠਕ ਕਰਕੇ ਕੱਢਿਆ ਜਾਵੇ ਸਥਾਈ ਹੱਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੀ ਇੰਡਸਟਰੀ ਅਤੇ ਵਪਾਰ ‘ਤੇ ਵੱਧ ਰਹੇ ਬਿਜਲੀ ਸੰਕਟ ਦੇ ਪ੍ਰਭਾਵ ਨੂੰ ਲੈ ਕੇ ਭਾਜਪਾ ਜਲੰਧਰ ਸ਼ਹਿਰੀ ਨੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਭਾਜਪਾ ਸ਼ਹਿਰੀ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਡੀਸੀ ਦਫ਼ਤਰ ਪਹੁੰਚ ਕੇ ਐਸਡੀਐਮ-1 ਸ਼ੁਭੀ ਆਂਗਰਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਭਾਜਪਾ ਆਗੂ ਦਿਨੇਸ਼ ਢੱਲ ਕਾਲੀ, ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਅਮਰੀ, ਮਹਾਂਮੰਤਰੀ ਰਾਜੇਸ਼ ਕਪੂਰ ਅਤੇ ਇੰਡਸਟਰੀ ਸੈੱਲ ਦੇ ਜ਼ਿਲ੍ਹਾ ਕਨਵੀਨਰ ਹੈਪੀ ਦੀਵਾਨ ਹਾਜ਼ਰ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਬਿਜਲੀ ਦੀ ਘਾਟ ਅਤੇ ਅਨਿਯਮਿਤ ਸਪਲਾਈ ਕਾਰਨ ਜਲੰਧਰ ਆਧਾਰਿਤ ਇੰਡਸਟਰੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਲਾਗਤ ਵੱਧ ਰਹੀ ਹੈ ਅਤੇ ਉਦਯੋਗਾਂ ਸਾਹਮਣੇ ਆਰਥਿਕ ਨੁਕਸਾਨ ਦਾ ਸੰਕਟ ਖੜ੍ਹਾ ਹੋ ਗਿਆ ਹੈ। ਸਪੋਰਟਸ ਗੁੱਡਜ਼, ਹੈਂਡ ਟੂਲਜ਼, ਇੰਜੀਨੀਅਰਿੰਗ ਅਤੇ ਹੋਰ ਐਮਐਸਐਮਈ ਉਦਯੋਗਾਂ ‘ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ। ਭਾਜਪਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨੈਸ਼ਨਲ ਐਨਰਜੀ ਐਕਸਚੇਂਜ ਅਤੇ ਕੇਂਦਰੀ ਪੂਲ ਤੋਂ ਲੋੜ ਅਨੁਸਾਰ ਪ੍ਰਚੁਰ ਮਾਤਰਾ ’ਚ ਬਿਜਲੀ ਖਰੀਦ ਕੇ ਜਲੰਧਰ ਦੀ ਇੰਡਸਟਰੀ ਨੂੰ 24×7 ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਬਿਨਾਂ ਪਹਿਲਾਂ ਸੂਚਨਾ ਦਿੱਤੇ ਕੀਤੀ ਜਾਣ ਵਾਲੀ ਬਿਜਲੀ ਕਟੌਤੀ ਬੰਦ ਕੀਤੀ ਜਾਵੇ, ਉਦਯੋਗਿਕ ਖੇਤਰਾਂ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਵੋਲਟੇਜ ਫਲਕਚੂਏਸ਼ਨ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ।
---
“ਸਰਕਾਰ ਹਰ ਪ੍ਰਭਾਵਿਤ ਵਰਗ ਨਾਲ ਸਿੱਧੀ ਬੈਠਕ ਕਰੇ”
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਬਿਜਲੀ ਦੀ ਸਮੱਸਿਆ ਨੂੰ ਸਿਰਫ਼ ਇੰਡਸਟਰੀ ਤੱਕ ਸੀਮਿਤ ਕਰਕੇ ਨਹੀਂ ਦੇਖਿਆ ਜਾ ਸਕਦਾ। ਵਪਾਰੀ, ਉਦਯੋਗਪਤੀ, ਛੋਟੇ ਕਾਰੋਬਾਰੀ ਅਤੇ ਆਮ ਖਪਤਕਾਰ ਸਮੇਤ ਹਰ ਵਰਗ ਬਿਜਲੀ ਦੀ ਘਾਟ ਤੋਂ ਪ੍ਰਭਾਵਿਤ ਹੈ। ਸਰਕਾਰ ਨੂੰ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ। ਕੇਡੀ ਭੰਡਾਰੀ ਨੇ ਕਿਹਾ ਕਿ ਜਲੰਧਰ ਦੀ ਇੰਡਸਟਰੀ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ। ਬਿਜਲੀ ਦੀ ਅਨਿਸ਼ਚਿਤਤਾ ਉਤਪਾਦਨ ਅਤੇ ਰੋਜ਼ਗਾਰ ਦੋਵਾਂ ਲਈ ਨੁਕਸਾਨਦਾਇਕ ਹੈ, ਇਸ ਲਈ ਸਰਕਾਰ ਤੁਰੰਤ ਪ੍ਰਚੁਰ ਬਿਜਲੀ ਸਪਲਾਈ ਯਕੀਨੀ ਬਣਾਏ।
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਲਗਾਤਾਰ ਬਿਜਲੀ ਦੀ ਸਮੱਸਿਆ ਕਾਰਨ ਉਦਯੋਗਾਂ ਦੀ ਲਾਗਤ ਵੱਧ ਰਹੀ ਹੈ। ਸਰਕਾਰ ਨੂੰ ਅਜਿਹੀ ਸਥਿਤੀ ਨਹੀਂ ਬਣਨ ਦੇਣੀ ਚਾਹੀਦੀ ਜਿਸ ਕਾਰਨ ਜਲੰਧਰ ਦੇ ਉਦਯੋਗ ਹੋਰ ਰਾਜਾਂ ਵਿੱਚ ਜਾਣ ਲਈ ਮਜਬੂਰ ਹੋ ਜਾਣ। ਦਿਨੇਸ਼ ਢੱਲ ਕਾਲੀ ਨੇ ਕਿਹਾ ਕਿ ਬਿਜਲੀ ਸੰਕਟ ਦਾ ਅਸਰ ਉਦਯੋਗ, ਵਪਾਰ ਅਤੇ ਆਮ ਲੋਕਾਂ ਸਭ ‘ਤੇ ਪੈ ਰਿਹਾ ਹੈ। ਸਰਕਾਰ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਸੰਵਾਦ ਕਰਕੇ ਸਥਾਈ ਹੱਲ ਕੱਢਣਾ ਚਾਹੀਦਾ ਹੈ। ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਸਾਰੇ ਪ੍ਰਭਾਵਿਤ ਵਰਗਾਂ ਦੀ ਬੈਠਕ ਬੁਲਾ ਕੇ ਅਸਲ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ। ਅਮਰਜੀਤ ਸਿੰਘ ਅਮਰੀ ਨੇ ਕਿਹਾ ਕਿ ਉਦਯੋਗਿਕ ਖੇਤਰਾਂ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਉਦਯੋਗਾਂ ਲਈ ਸਮਰਪਿਤ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।