
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਰਤਾਰਪੁਰ ਦੇ ਭਾਜਪਾ ਆਗੂ ਕੀਤੇ ਨਜ਼ਰ ਬੰਦ

ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਕਾਹਲਵਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤੋਂ ਪਹਿਲਾਂ ਭਾਜਪਾ ਕਰਤਾਰਪੁਰ ਦੇ ਆਗੂਆਂ ਨੂੰ ਪੰਜਾਬ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਆਗੂਆਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਲੋਕਤੰਤਰਿਕ ਹੱਕਾਂ ਦਾ ਘਾਣ ਕਰਾਰ ਦਿੰਦਿਆਂ ਸੂਬਾ ਸਰਕਾਰ ਦੀ ਨਿਖੇਧੀ ਕੀਤੀ। ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਕਿਸ਼ਨ ਕੁਮਾਰ ਤੇ ਸ਼ੈਲੀ ਮਹਾਜਨ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਤੜਕਸਾਰ ਹੀ ਨਜ਼ਰਬੰਦ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਹਲਵਾਂ ਵਿਖੇ ਹੋਣ ਵਾਲੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਭਾਜਪਾ ਵੱਲੋਂ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਆਵਾਜ਼ ਨੂੰ ਦਬਾਉਣ ਦੀ ਬਜਾਏ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਚਾਹੀਦਾ ਹੈ। ਐਡਵੋਕੇਟ ਕਿਸ਼ਨ ਕੁਮਾਰ ਅਤੇ ਸ਼ੈਲੀ ਮਹਾਜਨ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬ ਦੇਣਗੇ ਅਤੇ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਲਈ ਸਮਰਥਨ ਦੇਣਗੇ। ਇਸ ਮੌਕੇ ਡੀਐਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਸੀਆਈਏ ਸਟਾਫ਼ ਇੰਚਾਰਜ ਪੁਸ਼ਪ ਬਾਲੀ, ਐੱਸਐੱਚਓ ਕਰਤਾਰਪੁਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਅਤੇ ਹੋਰ ਕਰਮਚਾਰੀ ਮੌਜੂਦ ਸਨ।