ਮੋਗਾ ਰੈਲੀ ਲਈ ਰਾਣਾ ਹਰਦੀਪ ਨੂੰ ਮਿਲੀ ਹਲਕੇ ਦੀ ਕਮਾਂਡ
ਭਾਜਪਾ ਨੇ ਮੋਗਾ ਰੈਲੀ ਲਈ ਰਾਣਾ ਹਰਦੀਪ ਨੂੰ ਸੌਂਪੀ ਸ਼ਾਹਕੋਟ ਹਲਕੇ ਦੀ ਕਮਾਂਡ
Publish Date: Mon, 16 Feb 2026 07:10 PM (IST)
Updated Date: Mon, 16 Feb 2026 07:12 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੇ ਹਲਕਾ ਸ਼ਾਹਕੋਟ ਤੋਂ ਤੇਜ਼-ਤਰਾਰ ਆਗੂ ਰਾਣਾ ਹਰਦੀਪ ਸਿੰਘ ‘ਤੇ ਇੱਕ ਵਾਰ ਫਿਰ ਵੱਡਾ ਭਰੋਸਾ ਜਤਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਦੇ ਮੋਗਾ ਵਿਚ ਹੋਣ ਵਾਲੀ ਵਿਸ਼ਾਲ ਰੈਲੀ ਦੇ ਮੱਦੇਨਜ਼ਰ ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਰਾਣਾ ਹਰਦੀਪ ਸਿੰਘ ਨੂੰ ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਰੈਲੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਪਾਰਟੀ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸ਼ਾਹਕੋਟ ਹਲਕੇ ਦੀ ਅਸਲ ਕਮਾਨ ਰਾਣਾ ਹਰਦੀਪ ਸਿੰਘ ਦੇ ਹੱਥਾਂ ਵਿਚ ਹੀ ਹੈ। ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੀ ਰੈਲੀ ਪੰਜਾਬ ਦੀ ਸਿਆਸਤ ਵਿਚ ਇਕ ਵੱਡਾ ਧਮਾਕਾ ਮੰਨੀ ਜਾ ਰਹੀ ਹੈ ਅਤੇ ਇਸ ਰੈਲੀ ਲਈ ਸਿਰਫ਼ ਉਨ੍ਹਾਂ ਆਗੂਆਂ ਨੂੰ ਹੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਨ੍ਹਾਂ ਦਾ ਜ਼ਮੀਨੀ ਪੱਧਰ ‘ਤੇ ਮਜ਼ਬੂਤ ਆਧਾਰ ਹੈ। ਰਾਣਾ ਹਰਦੀਪ ਸਿੰਘ ਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਉਨ੍ਹਾ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਨੇ ਸਹੀ ਆਗੂ ਹੱਥ ਹਲਕੇ ਦੀ ਵਾਗਡੋਰ ਸੌਂਪੀ ਹੈ। ਨਿਯੁਕਤੀ ‘ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਪਾਰਟੀ ਨੂੰ ਹਲਕੇ ਵਿਚ ਮਜ਼ਬੂਤ ਕੀਤਾ ਜਾਵੇਗਾ ਅਤੇ ਮੋਗਾ ਰੈਲੀ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਵਰਕਰਾਂ ਨੂੰ ਨਾਲ ਜੋੜਿਆ ਜਾਵੇਗਾ।