
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਸ਼ੇਸ਼ ਹਲਕੇ ਨੂੰ ਤਰਜੀਹ ਦੇਣ ’ਤੇ ਭਾਜਪਾ ਕੌਂਸਲਰਾਂ ਵੱਲੋਂ ਰੋਸ

-ਨਵੇਂ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦਾ ਸਨਮਾਨ
ਪੰਜਾਬੀ ਜਾਗਰਣ ਟੀਮ , ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਹੋਣ ਵਾਲੀ ਹਾਊਸ ਮੀਟਿੰਗ ਤੋਂ ਪਹਿਲਾਂ ਨਗਰ ਨਿਗਮ ਭਾਜਪਾ ਪਾਰਟੀ ਦੇ ਸਮੂਹ ਕੌਂਸਲਰਾਂ ਦੀ ਅਹਿਮ ਬੈਠਕ ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਵਿਖੇ ਹੋਈ। ਬੈਠਕ ਦੌਰਾਨ ਹਾਊਸ ਮੀਟਿੰਗ ਦੇ ਏਜੰਡੇ ’ਚ ਨਜ਼ਰ ਆ ਰਹੀਆਂ ਤਰਜੀਹਾਂ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਵਿਕਾਸ ਕਾਰਜਾਂ ਨਾਲ ਸਬੰਧਤ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਭਾਜਪਾ ਕੌਂਸਲਰਾਂ ਨੇ ਇਤਰਾਜ਼ ਪ੍ਰਗਟਾਇਆ ਕਿ ਏਜੰਡੇ ’ਚ ਇਕ ਵਿਸ਼ੇਸ਼ ਹਲਕੇ ਨੂੰ ਕਥਿਤ ਤੌਰ ’ਤੇ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ ਤੇ ਜ਼ਿਆਦਾਤਰ ਕੰਮ ਉਸੇ ਖੇਤਰ ਨਾਲ ਸਬੰਧਤ ਰੱਖੇ ਗਏ ਹਨ। ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਪੂਰੇ ਸ਼ਹਿਰ ਦੀ ਸਾਂਝੀ ਸੰਸਥਾ ਹੈ ਤੇ ਵਿਕਾਸ ਕਾਰਜ ਕਿਸੇ ਇਕ ਹਲਕੇ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ। ਹਰ ਵਾਰਡ ਤੇ ਹਰ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਬਰਾਬਰ ਤਰਜੀਹ ਮਿਲਣੀ ਚਾਹੀਦੀ ਹੈ।
---
ਡਿਸਪੋਜ਼ਲ ਮੈਨੇਜਮੈਂਟ ਟੈਂਡਰ ਨੂੰ ਲੈ ਕੇ ਵੀ ਉੱਠੇ ਸਵਾਲ
ਬੈਠਕ ’ਚ ਡਿਸਪੋਜ਼ਲ ਮੈਨੇਜਮੈਂਟ ਨਾਲ ਸਬੰਧਤ ਟੈਂਡਰ ਦੇ ਮਾਮਲੇ ’ਤੇ ਵੀ ਭਾਜਪਾ ਕੌਂਸਲਰਾਂ ਵੱਲੋਂ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਟੈਂਡਰ ਲਗਾਉਣਾ ਹੀ ਨਹੀਂ ਸੀ ਜਾਂ ਬਾਅਦ ’ਚ ਵਾਪਸ ਲੈਣਾ ਸੀ ਤਾਂ ਇਸ ਪ੍ਰਕਿਰਿਆ ਕਾਰਨ ਪੰਜ ਦਿਨਾਂ ਤੱਕ ਸ਼ਹਿਰ ਨੂੰ ਖ਼ਰਾਬ ਹਾਲਾਤਾਂ ਦਾ ਸਾਹਮਣਾ ਕਿਉਂ ਕਰਨਾ ਪਿਆ। ਕੌਂਸਲਰਾਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ’ਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਸ਼ਹਿਰ ਦੀ ਸਫ਼ਾਈ ਤੇ ਕੂੜਾ ਪ੍ਰਬੰਧਨ ਲੋਕਾਂ ਦੀ ਸਿਹਤ ਤੇ ਰੋਜ਼ਾਨਾ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੁੜੇ ਮਾਮਲੇ ਹਨ। ਇਸ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਕੀਮਤ ਸ਼ਹਿਰ ਵਾਸੀਆਂ ਨੂੰ ਨਹੀਂ ਚੁਕਾਉਣੀ ਚਾਹੀਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਊਸ ਮੀਟਿੰਗ ’ਚ ਉਹ ਸ਼ਹਿਰ ਦੇ ਹਿੱਤਾਂ ਨਾਲ ਜੁੜੇ ਇਨ੍ਹਾਂ ਮੁੱਦਿਆਂ ਨੂੰ ਪੂਰੀ ਗੰਭੀਰਤਾ ਨਾਲ ਉਠਾਉਣਗੇ ਤੇ ਵਿਕਾਸ ਕਾਰਜਾਂ ’ਚ ਬਰਾਬਰੀ, ਪਾਰਦਰਸ਼ਤਾ ਤੇ ਜਵਾਬਦੇਹੀ ਦੀ ਮੰਗ ਕਰਨਗੇ। ਇਸ ਮੌਕੇ ਨਵੇਂ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਦਾ ਸਾਰੇ ਭਾਜਪਾ ਕੌਂਸਲਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਮੀਟਿੰਗ ’ਚ ਵਿਰੋਧੀ ਧਿਰ ਦੀ ਉਪ ਆਗੂ ਚਰਨਜੀਤ ਕੌਰ ਸੰਧਾ, ਅਮਿਤ ਸਿੰਘ ਸੰਧਾ, ਦਰਸ਼ਨ ਭਗਤ, ਅਜੇ ਕੁਮਾਰ ਬੱਬਲ, ਕੰਵਰ ਸਰਤਾਜ ਸਿੰਘ, ਰਾਜੀਵ ਕੁਮਾਰ ਢੀਂਗਰਾ, ਮਨਜੀਤ ਕੌਰ, ਮੀਨੂ, ਜੋਤੀ, ਸ਼ੋਭਾ, ਤਰਵਿੰਦਰ ਕੁਮਾਰ ਸੋਈ, ਰਵੀ ਕੁਮਾਰ, ਰਿੰਪੀ ਪ੍ਰਭਾਕਰ ਤੇ ਗੁਰਦੀਪ ਸਿੰਘ ਹਾਜ਼ਰ ਸਨ।