- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਨਾਗਰਿਕ ਵਿਰੁੱਧ ਤੁਰੰਤ ਐੱਫਆਈਆਰ, ਸੱਤਾਧਾਰੀ ਧਿਰ ਦੇ ਆਗੂ ਦੇ ਸਾਥੀ ’ਤੇ ਕਾਰਵਾਈ ਕਿਉਂ ਨਹੀਂ? ਭਾਜਪਾ ਨੇ ਪੁਲਿਸ ਪ੍ਰਸ਼ਾਸਨ ਨੂੰ ਘੇਰਿਆ

--ਮੇਅਰ ਦੀ ਮੌਜੂਦਗੀ ’ਚ ਹਥਿਆਰ ਲਹਿਰਾਉਣ ਅਤੇ ਹਵਾਈ ਫਾਇਰਿੰਗ ਦਾ ਦੋਸ਼, ਜਲੰਧਰ ਪੁਲਿਸ ਕਮਿਸ਼ਨਰ ਤੋਂ ਮੰਗਿਆ ਜਵਾਬ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਹਥਿਆਰਾਂ ਦੀ ਨੁਮਾਇਸ਼ ਤੇ ਹਵਾਈ ਫਾਇਰਿੰਗ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਭਾਜਪਾ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਆਮ ਨਾਗਰਿਕਾਂ ਵਿਰੁੱਧ ਪੁਲਿਸ ਤੁਰੰਤ ਕਾਰਵਾਈ ਕਰਦੀ ਹੈ ਪਰ ਸੱਤਾਧਾਰੀ ਧਿਰ ਦੇ ਆਗੂਆਂ ਦੇ ਸਾਥੀਆਂ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਭਾਜਪਾ ਜਲੰਧਰ ਸ਼ਹਿਰੀ ਦੇ ਮੁੱਖ ਬੁਲਾਰੇ ਜੌਲੀ ਬੇਦੀ, ਬੁਲਾਰੇ ਮੱਖਣ ਸਿੰਘ, ਵਰੁਣ ਨਾਗਪਾਲ, ਕਮਲ ਭਗਤ, ਸੋਨੂੰ ਹੰਸ, ਦਿਨੇਸ਼ ਖੰਨਾ, ਦੀਪਕ ਬਾਵਾ (ਸਹਿ-ਮੀਡੀਆ ਇੰਚਾਰਜ, ਭਾਜਪਾ ਪੰਜਾਬ) ਤੇ ਪ੍ਰੈੱਸ ਸਕੱਤਰ ਉਮੇਸ਼ ਬੱਤਰਾ ਨੇ ਸਾਂਝੇ ਤੌਰ ’ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੁਲਿਸ ਦੀ ਕਾਰਵਾਈ ’ਤੇ ਸਵਾਲ ਉਠਾਏ।
ਭਾਜਪਾ ਆਗੂਆਂ ਅਨੁਸਾਰ, ਬੀਤੀ ਸ਼ਾਮ ਥਾਣਾ ਡਵੀਜ਼ਨ ਨੰਬਰ-7 ’ਚ ਅਰਬਨ ਅਸਟੇਟ ਫੇਜ਼-2 ਸਥਿਤ ਟਰੂ ਬਲੈਂਡ ਕੈਫੇ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਫੇ ’ਚ ਇਕ ਵਿਅਕਤੀ ਨੂੰ ਲਾਇਸੈਂਸੀ ਪਿਸਤੌਲ ਸਮੇਤ ਬੈਠਾ ਦੇਖਿਆ ਗਿਆ ਸੀ। ਪੁਲਿਸ ਨੇ ਉਕਤ ਵਿਅਕਤੀ ਤੇ ਕੈਫੇ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ। ਭਾਜਪਾ ਨੇਤਾਵਾਂ ਨੇ ਇਸ ਦੇ ਉਲਟ ਉਸੇ ਰਾਤ ਜਲੰਧਰ ਦੇ ਰੈਡੀਸਨ ਐਨਕਲੇਵ ’ਚ ਹੋਈ ਇਕ ਡੀਜੇ ਪਾਰਟੀ ਦਾ ਹਵਾਲਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਾਰਟੀ ’ਚ ਮੇਅਰ ਵਿਨੀਤ ਧੀਰ, ਕੌਂਸਲਰ ਤੇ ਉਨ੍ਹਾਂ ਦੇ ਕੁਝ ਸਾਥੀ ਮੌਜੂਦ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਦੌਰਾਨ ਇਕ ਵਿਅਕਤੀ ਨੇ ਰਿਵਾਲਵਰ ਜਾਂ ਪਿਸਤੌਲ ਲਹਿਰਾਇਆ ਤੇ ਬਾਅਦ ’ਚ ਹਵਾ ’ਚ ਗੋਲੀ ਵੀ ਚਲਾਈ।
ਭਾਜਪਾ ਨੇ ਪੰਜਾਬ ਦੇ ਡੀਜੀਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਸਵਾਲ ਕੀਤਾ ਕਿ ਕੀ ਸੂਬੇ ’ਚ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਜਾਂ ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕਾਂ ਲਈ ਵੱਖਰੇ ਨਿਯਮ ਹਨ? ਭਾਜਪਾ ਨੇ ਇਸ ਮਾਮਲੇ ਨੂੰ ਦੇਵੀ ਤਾਲਾਬ ਮੰਦਰ ’ਚ ਪਹਿਲਾਂ ਵਾਪਰੀ ਕਥਿਤ ਝੜਪ ਨਾਲ ਜੋੜਦਿਆਂ ਦੋਸ਼ ਲਗਾਇਆ ਕਿ ਮੇਅਰ ਦੀ ਮੌਜੂਦਗੀ ’ਚ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ ਤੇ ਹੁਣ ਮੁੜ ਹਥਿਆਰਾਂ ਦੀ ਨੁਮਾਇਸ਼ ਤੇ ਹਵਾਈ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਬੁਲਾਰਿਆਂ ਨੇ ਜਲੰਧਰ ਪੁਲਿਸ ਕਮਿਸ਼ਨਰ ਤੋਂ ਸਪੱਸ਼ਟ ਜਵਾਬ ਮੰਗਦਿਆਂ ਮੰਗ ਕੀਤੀ ਕਿ ਵਾਇਰਲ ਵੀਡੀਓ ਦੀ ਜਾਂਚ ਕਰਕੇ ਹਥਿਆਰ ਲਹਿਰਾਉਣ ਤੇ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬਣਦੀ ਐੱਫਆਈਆਰ ਦਰਜ ਕੀਤੀ ਜਾਵੇ।