- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਮ 'ਚ ਬਦਲੀ ਜਨਮਦਿਨ ਦੀ ਪਾਰਟੀ

- ਪਾਰਟੀ ਦੌਰਾਨ ਚੱਲੀ ਗੋਲ਼ੀ, ਹੁਸ਼ਿਆਰਪੁਰ ਤੋਂ ਆਈ ਰਿਸ਼ਤੇਦਾਰ ਮਹਿਲਾ ਦੀ ਮੌਤ
- ਫੋਟੋਗ੍ਰਾਫਰ ਸਮੇਤ ਦੋ ਜਣੇ ਜ਼ਖ਼ਮੀ, ਮੁਲਜ਼ਮ ਫ਼ਰਾਰ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ’ਚ ਖ਼ੁਸ਼ੀ ਦਾ ਮਾਹੌਲ ਉਸ ਵੇਲੇ ਮਾਤਮ ’ਚ ਬਦਲ ਗਿਆ, ਜਦੋਂ ਦੇਰ ਰਾਤ ਇਕ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਹਵਾਈ ਫਾਇਰਿੰਗ ’ਚ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ ਫਾਇਰਿੰਗ ਕਾਰਨ ਫੋਟੋਗ੍ਰਾਫਰ ਸਣੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਪਿੰਡ ਢੱਡਾ ਦੇ ਮੋਤਾ ਸਿੰਘ ਨਾਮਕ ਵਿਅਕਤੀ ਦੇ ਘਰ ਉਸ ਦੇ ਦੋਹਤੇ ਦੀ ਜਨਮ ਦਿਨ ਦੀ ਪਾਰਟੀ ਦੌਰਾਨ ਡੀਜੇ 'ਤੇ ਚੱਲ ਰਹੇ ਜਸ਼ਨ ਵੇਲੇ ਵਾਪਰਿਆ।
ਜਾਣਕਾਰੀ ਅਨੁਸਾਰ ਪਿੰਡ ਢੱਡਾ ਵਾਸੀ ਮੋਤਾ ਸਿੰਘ ਦੀ ਧੀ ਜਰਮਨੀ ’ਚ ਰਹਿੰਦੀ ਹੈ। ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ ਤੇ ਉਹ ਵਿਦੇਸ਼ ਤੋਂ ਪਿੰਡ ਢੱਡਾ ’ਚ ਬੱਚੇ ਨਾਲ ਪਰਤੀ ਹੋਈ ਸੀ। ਮੋਤਾ ਸਿੰਘ ਨੇ ਬੱਚੇ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਪਿੰਡ ਢੱਡਾ ਵਿਖੇ ਇਕ ਪਾਰਟੀ ਰੱਖੀ ਹੋਈ ਸੀ ਅਤੇ ਪਾਰਟੀ ’ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ ਤੇ ਮੋਤਾ ਸਿੰਘ ਦੇ ਜਵਾਈ ਦਾ ਮਾਮਾ ਵੀ ਪਾਰਟੀ ’ਚ ਆਇਆ ਹੋਇਆ ਸੀ, ਜਿਸ ਨੇ ਪਾਰਟੀ ਦੌਰਾਨ ਨਸ਼ੇ ਦੀ ਹਾਲਤ 'ਚ ਡਾਂਸ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਇਸ ਫਾਇਰਿੰਗ ਦੌਰਾਨ ਗੋਲ਼ੀ ਲੱਗਣ ਕਾਰਨ ਫੋਟੋਗ੍ਰਾਫ਼ਰ ਮਨੀਸ਼, ਇਕ ਬੱਚਾ ਕੇਸਰੀ ਲਾਲ ਤੇ ਹੁਸ਼ਿਆਰਪੁਰ ਤੋਂ ਪਰਿਵਾਰ ਦੀ ਰਿਸ਼ਤੇਦਾਰ ਅਮਨਦੀਪ ਕੌਰ ਨਾਮਕ ਮਹਿਲਾ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਅਮਨਦੀਪ ਕੌਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (42) ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪਤਾਰਾ ਦੇ ਐੱਸਐੱਚਓ ਨਰਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੇਰ ਰਾਤ ਕਰੀਬ 9:30 ਵਜੇ ਪਾਰਟੀ ਦੌਰਾਨ ਨਸ਼ੇ ਦੀ ਹਾਲਤ ’ਚ ਰਾਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਪਲਾਹੀ ਥਾਣਾ ਰਾਵਲਪਿੰਡੀ ਵੱਲੋਂ ਚਾਰ ਹਵਾਈ ਫਾਇਰ ਕੀਤੇ ਗਏ ਸਨ। ਇਸ ਹਾਦਸੇ ਤੋਂ ਬਾਅਦ ਪਾਰਟੀ ’ਚ ਹਫੜਾ-ਦਫੜੀ ਮਚ ਗਈ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਫ਼ਰਾਰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ, ਛਾਪੇਮਾਰੀ ਜਾਰੀ
ਐੱਸਐੱਚਓ ਨਰਿੰਦਰ ਸਿੰਘ ਅਨੁਸਾਰ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਉਕਤ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।