ਰਾਮਾ ਮੰਡੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ ਰਾਮਾ ਮੰਡੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ
Publish Date: Wed, 14 Oct 2026 07:27 PM (IST)
Updated Date: Wed, 14 Oct 2026 07:30 PM (IST)
--ਢਿੱਲਵਾਂ ਚੌਂਕ ਤੋਂ ਪਿੰਡ ਹਜ਼ਾਰਾ ਤੱਕ ਟੁੱਟੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪਿਛਲੇ ਲੰਮੇ ਸਮੇਂ ਤੋਂ ਸਥਾਨਕ ਲੋਕਾਂ ਤੇ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਢਿੱਲਵਾਂ ਚੌਕ ਤੋਂ ਲੈ ਕੇ ਪਿੰਡ ਹਜ਼ਾਰਾ ਤੱਕ ਦੀ ਮੁੱਖ ਸੜਕ ਦੇ ਨਿਰਮਾਣ ਦਾ ਕੰਮ ਆਖਰਕਾਰ ਸ਼ੁਰੂ ਹੋ ਗਿਆ ਹੈ। ਸੜਕ ਦੀ ਖ਼ਸਤਾ ਹਾਲਤ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਹੁਣ ਪੱਕਾ ਹੱਲ ਹੋਣ ਜਾ ਰਿਹਾ ਹੈ। ਇਸ ਮਹੱਤਵਪੂਰਨ ਸੜਕ ਦੇ ਨਿਰਮਾਣ ਦਾ ਜ਼ਿੰਮਾ ਦੇਸ਼ ਦੀ ਪ੍ਰਸਿੱਧ ਬੁਨਿਆਦੀ ਢਾਂਚਾ ਕੰਪਨੀ ਐੱਲ ਐਂਡ ਟੀ ਵੱਲੋਂ ਸੰਭਾਲਿਆ ਗਿਆ ਹੈ, ਜਿਸ ਨੇ ਮੌਕੇ ਤੇ ਆਪਣੀਆਂ ਆਧੁਨਿਕ ਮਸ਼ੀਨਾਂ ਨਾਲ ਕੰਮ ਵਿੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਸੜਕ ਜਲੰਧਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸਰਫੇਸ ਵਾਟਰ ਸਪਲਾਈ ਦੀ ਪਾਈਪ ਲਾਈਨ ਵਿਛਾਉਣ ਲਈ ਪੱਟੀ ਗਈ ਸੀ। ਲੰਬੇ ਸਮੇਂ ਤੋਂ ਪੁੱਟੀ ਹੋਣ ਕਾਰਨ ਬੁਰੀ ਤਰ੍ਹਾਂ ਟੁੱਟ ਗਈ ਸੀ ਤੇ ਇਸ ਉੱਪਰ ਵੱਡੇ-ਵੱਡੇ ਟੋਏ ਪੈ ਚੁੱਕੇ ਸਨ। ਸੜਕ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਕੋਈ ਨਾ ਕੋਈ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੁੰਦਾ ਰਹਿੰਦਾ ਸੀ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਤੇ ਸਕੂਲ ਜਾਣ ਵਾਲੇ ਬੱਚਿਆਂ ਲਈ ਇਸ ਰਸਤੇ ਤੋਂ ਲੰਘਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਸੀ। ਬਰਸਾਤ ਦੇ ਦਿਨਾਂ ’ਚ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਸੀ, ਜਦੋਂ ਇਨ੍ਹਾਂ ਖੱਡਿਆਂ ’ਚ ਪਾਣੀ ਭਰ ਜਾਂਦਾ ਸੀ ਤੇ ਸੜਕ ਦੇ ਖੱਡੇ ਨਜ਼ਰ ਨਹੀਂ ਆਉਂਦੇ ਸਨ। ਹੁਣ ਜਦੋਂ ਐੱਲ ਐਂਡ ਟੀ ਕੰਪਨੀ ਵੱਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਇਲਾਕੇ ’ਚ ਤਸੱਲੀ ਦਾ ਮਾਹੌਲ ਹੈ। ਕੰਪਨੀ ਅਧਿਕਾਰੀਆਂ ਅਨੁਸਾਰ, ਇਸ ਸੜਕ ਦਾ ਨਿਰਮਾਣ ਆਧੁਨਿਕ ਤਕਨੀਕ ਤੇ ਉੱਚ ਮਿਆਰੀ ਸਮੱਗਰੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ’ਚ ਇਹ ਸੜਕ ਲੰਬੇ ਸਮੇਂ ਤੱਕ ਮਜ਼ਬੂਤ ਰਹਿ ਸਕੇ ਤੇ ਭਾਰੀ ਵਾਹਨਾਂ ਦਾ ਭਾਰ ਸਹਿਣ ਕਰ ਸਕੇ। ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਤੇ ਰਾਮਾ ਮੰਡੀ ਦੇ ਸਮੂਹ ਵਾਸੀਆਂ, ਦੁਕਾਨਦਾਰਾਂ ਤੇ ਪਿੰਡ ਹਜ਼ਾਰਾ ਦੇ ਲੋਕਾਂ ਸਮੇਤ ਮੋਹਤਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੜਕ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ ਵਾਰਡ ਨੰਬਰ 8 ਦੇ ਕੌਂਸਲਰ ਅਮਰਦੀਪ ਸੰਦਲ ਕੀਨੂੰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੜਕ ਨਿਰਮਾਣ ਕਾਰਜ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਬੇਸ ਤਿਆਰ ਕੀਤਾ ਜਾ ਰਿਹਾ ਹੈ ਤੇ ਉਪਰੰਤ ਸੜਕ ਤੇ ਵਧੀਆ ਢੰਗ ਨਾਲ ਲੁੱਕ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇਲਾਕੇ ਦੇ ਲੋਕਾਂ ਲਈ ਇਕ ਵੱਡਾ ਨਾਸੂਰ ਬਣੀ ਹੋਈ ਸੀ, ਜਿਸ ਤੋਂ ਹੁਣ ਮੁਕਤੀ ਮਿਲਣ ਜਾ ਰਹੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸੜਕ ਬਣਨ ਨਾਲ ਜਿੱਥੇ ਆਵਾਜਾਈ ਸੁਚਾਰੂ ਹੋਵੇਗੀ, ਉੱਥੇ ਹੀ ਹਾਦਸਿਆਂ ਨੂੰ ਠੱਲ੍ਹ ਪਵੇਗੀ। ਲੋਕਾਂ ਨੇ ਉਮੀਦ ਜਤਾਈ ਹੈ ਕਿ ਕੰਪਨੀ ਕੰਮ ਦੀ ਗੁਣਵੱਤਾ ’ਚ ਕੋਈ ਸਮਝੌਤਾ ਨਹੀਂ ਕਰੇਗੀ ਤੇ ਜਲਦ ਤੋਂ ਜਲਦ ਇਸ ਕੰਮ ਨੂੰ ਨੇਪਰੇ ਚਾੜ੍ਹ ਕੇ ਰਾਹਗੀਰਾਂ ਨੂੰ ਸਫ਼ਰ ਦੀ ਵਧੀਆ ਸਹੂਲਤ ਪ੍ਰਦਾਨ ਕਰੇਗੀ।