ਖਾਲਸਾ ਏਡ ਵੱਲੋਂ ‘ਸਾਂਝੀ ਖੇਤੀ ਪ੍ਰੋਜੈਕਟ’ ਦੀ ਸ਼ੁਰੂਆਤ
ਖਾਲਸਾ ਏਡ ਵੱਲੋਂ ਛੋਟੇ ਕਿਸਾਨਾਂ ਲਈ ਵੱਡੀ ਰਾਹਤ: ‘ਸਾਂਝੀ ਖੇਤੀ ਪ੍ਰੋਜੈਕਟ’ ਦੀ ਸ਼ੁਰੂਆਤ
Publish Date: Fri, 13 Feb 2026 09:04 PM (IST)
Updated Date: Sat, 14 Feb 2026 06:33 PM (IST)
- ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਟਰੈਕਟਰ, ਖੇਤੀ ਉਪਕਰਨ ਤੇ ਡਰਾਈਵਰ ਦੀ ਮੁਫ਼ਤ ਮਦਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਛੋਟੇ ਤੇ ਆਰਥਿਕ ਤੌਰ ‘ਤੇ ਕਮਜ਼ੋਰ ਕਿਸਾਨਾਂ ਨੂੰ ਮਜ਼ਬੂਤ ਸਹਾਰਾ ਦੇਣ ਲਈ ਖਾਲਸਾ ਏਡ ਵੱਲੋਂ ‘ਸਾਂਝੀ ਖੇਤੀ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਮਕਸਦ ਉਨ੍ਹਾਂ ਕਿਸਾਨਾਂ ਦੀ ਮਦਦ ਕਰਨਾ ਹੈ, ਜਿਨ੍ਹਾਂ ਕੋਲ ਪੰਜ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਹੈ ਅਤੇ ਜੋ ਆਧੁਨਿਕ ਖੇਤੀਬਾੜੀ ਮਸ਼ੀਨਰੀ ਦੀ ਕਮੀ ਕਾਰਨ ਵੱਧ ਖਰਚ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪ੍ਰੋਜੈਕਟ ਤਹਿਤ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਜਾਂ ਲੁੜੀਂਦਾ ਸਾਜ਼ੋ-ਸਾਮਾਨ ਜਿਵੇਂ ਹੱਲ, ਰੋਟਾਵੇਟਰ, ਸੀਡ ਡ੍ਰਿਲ ਅਤੇ ਲੇਜ਼ਰ ਲੈਵਲਰ ਉਪਲਬਧ ਨਹੀਂ, ਉਨ੍ਹਾਂ ਨੂੰ ਇਹ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਟਰੈਕਟਰ ਦੇ ਨਾਲ ਤਜਰਬੇਕਾਰ ਡਰਾਈਵਰ ਦੀ ਸੇਵਾ ਵੀ ਦਿੱਤੀ ਜਾਵੇਗੀ ਤਾਂ ਜੋ ਬਿਜਾਈ ਤੇ ਹੋਰ ਖੇਤੀਬਾੜੀ ਕੰਮ ਸਮੇਂ ਸਿਰ ਤੇ ਘੱਟ ਲਾਗਤ ‘ਤੇ ਪੂਰੇ ਹੋ ਸਕਣ।
ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਗਗਨਦੀਪ ਸਿੰਘ ਨੇ ਕਿਹਾ ਕਿ ਸਾਂਝੀ ਖੇਤੀ ਪ੍ਰੋਜੈਕਟ ਛੋਟੇ ਅਤੇ ਲੋੜਵੰਦ ਕਿਸਾਨਾਂ ਲਈ ਇਕ ਮਜ਼ਬੂਤ ਸਹਾਰਾ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਸਿਰਫ਼ ਮਸ਼ੀਨਰੀ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਅਤੇ ਖੇਤੀਬਾੜੀ ਨੂੰ ਲਾਭਕਾਰੀ ਬਣਾਉਣਾ ਵੀ ਹੈ। ਇਸ ਮੌਕੇ ਜਸਪ੍ਰੀਤ ਸਿੰਘ ਦਹੀਆ, ਲੱਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ (ਬਿਲ ਮਾਟੋ) ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਦੇ ਛੋਟੇ ਕਿਸਾਨਾਂ ਲਈ ਮਿਸਾਲੀ ਕਦਮ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਇਸ ਪ੍ਰੋਜੈਕਟ ਦਾ ਦਾਇਰਾ ਹੋਰ ਵਧਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਦਾ ਲਾਭ ਲੈ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਕੀਤੇ ਬਿਨਾਂ ਸੂਬੇ ਦੀ ਤਰੱਕੀ ਸੰਭਵ ਨਹੀਂ। “ਸਾਂਝੀ ਖੇਤੀ ਪ੍ਰੋਜੈਕਟ” ਰਾਹੀਂ ਨਾ ਸਿਰਫ਼ ਕਿਸਾਨਾਂ ਦੀ ਤੁਰੰਤ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ, ਸਗੋਂ ਸਾਂਝੇਪਣ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।