ਖੇਡਾਂ ਦੀ ਦੁਨੀਆ ਤੋਂ ਵੱਡੀ ਖ਼ਬਰ : ਪੰਜਾਬ ਦੇ ਸ਼ਟਲਰਾਂ ਨੇ ਰਚਿਆ ਇਤਿਹਾਸ, ਉੱਤਰੀ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ 2026 'ਚ ਜਿੱਤੇ 10 ਮੈਡਲ
ਇਸ ਬੇਮਿਸਾਲ ਜਿੱਤ ਦੀ ਬਦੌਲਤ ਪੰਜਾਬ ਨੂੰ ਆਗਾਮੀ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ 10 ਵਾਧੂ ਸਿੱਧੀਆਂ ਐਂਟਰੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਪੰਜਾਬ ਬੈਡਮਿੰਟਨ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਹੈ।
Publish Date: Sun, 06 Sep 2026 02:23 PM (IST)
Updated Date: Sun, 06 Sep 2026 02:30 PM (IST)
ਤੇਜਿੰਦਰ ਕੌਰ ਥਿੰਦ, ਜਲੰਧਰ : ਭੀਲਵਾੜਾ (ਰਾਜਸਥਾਨ) ਵਿਖੇ ਖੇਡੀ ਗਈ ਵੱਕਾਰੀ 'ਯੋਨੈਕਸ ਸਨਰਾਈਜ਼ ਨੌਰਥ ਜ਼ੋਨ ਇੰਟਰ-ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 2026' ਵਿੱਚ ਪੰਜਾਬ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੀ ਬੈਡਮਿੰਟਨ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਕੁੱਲ 10 ਮੈਡਲ (4 ਸੋਨੇ, 3 ਚਾਂਦੀ ਅਤੇ 3 ਕਾਂਸੀ) ਆਪਣੀ ਝੋਲੀ ਪਾ ਕੇ ਸੂਬੇ ਦਾ ਨਾਂ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ।
ਇਸ ਬੇਮਿਸਾਲ ਜਿੱਤ ਦੀ ਬਦੌਲਤ ਪੰਜਾਬ ਨੂੰ ਆਗਾਮੀ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ 10 ਵਾਧੂ ਸਿੱਧੀਆਂ ਐਂਟਰੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਪੰਜਾਬ ਬੈਡਮਿੰਟਨ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਹੈ।
ਮੈਡਲ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਮੈਨਜ਼ ਸਿੰਗਲਜ਼: ਜਗਸ਼ੇਰ ਸਿੰਘ ਖੰਗੂੜਾ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਸੋਨੇ ਦਾ ਤਗਮਾ ਜਿੱਤਿਆ।
ਜੂਨੀਅਰ ਬੁਆਏਜ਼ ਸਿੰਗਲਜ਼: ਵੀਰੇਨ ਸੇਠ ਨੇ ਵਿਰੋਧੀ ਖਿਡਾਰੀ ਨੂੰ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।
ਜੂਨੀਅਰ ਗਰਲਜ਼ ਸਿੰਗਲਜ਼: ਮਹਿਵਿਸ਼ ਕੌਰ ਨੇ ਆਪਣੀ ਬਹਿਤਰੀਨ ਤਕਨੀਕ ਨਾਲ ਸੋਨ ਤਗਮਾ ਆਪਣੇ ਨਾਂ ਕੀਤਾ।
ਜੂਨੀਅਰ ਬੁਆਏਜ਼ ਡਬਲਜ਼: ਵੀਰੇਨ ਅਤੇ ਆਦਿੱਤਿਆ ਦੀ ਜੋੜੀ ਨੇ ਬੇਮਿਸਾਲ ਤਾਲਮੇਲ ਦਿਖਾਉਂਦੇ ਹੋਏ ਖ਼ਿਤਾਬ 'ਤੇ ਕਬਜ਼ਾ ਕੀਤਾ।
3 ਚਾਂਦੀ ਦੇ ਤਗਮੇ ਵੂਮੈਨਜ਼ ਸਿੰਗਲਜ਼: ਮਹਿਵਿਸ਼ ਕੌਰ ਨੇ ਸ਼ਾਨਦਾਰ ਖੇਡ ਨਾਲ ਰਨਰ-ਅੱਪ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ।
ਮੈਨਜ਼ ਡਬਲਜ਼: ਅਰਯਨ ਅਤੇ ਸ਼ਿਆਮਪ੍ਰਸਾਦ ਦੀ ਜੋੜੀ ਨੇ ਦੂਜਾ ਸਥਾਨ ਹਾਸਲ ਕੀਤਾ।
ਗਰਲਜ਼ ਡਬਲਜ਼: ਸੀਜ਼ਾ ਅਤੇ ਸਮਾਇਰਾ ਦੀ ਜੋੜੀ ਨੇ ਚਾਂਦੀ ਦਾ ਤਗਮਾ ਪੰਜਾਬ ਦੀ ਝੋਲੀ ਪਾਇਆ।
3 ਕਾਂਸੀ ਦੇ ਤਗਮੇ ਵੂਮੈਨਜ਼ ਸਿੰਗਲਜ਼: ਗੁਰਸਿਮਰਤ ਕੌਰ ਚਾਹਲ ਨੇ ਤੀਜਾ ਸਥਾਨ ਹਾਸਲ ਕੀਤਾ।
ਬੁਆਏਜ਼ ਸਿੰਗਲਜ਼: ਦਿਵਯਮ ਸਚਦੇਵਾ ਨੇ ਕਾਂਸੀ ਦਾ ਤਗਮਾ ਜਿੱਤਿਆ।
ਮਿਕਸਡ ਡਬਲਜ਼: ਸਮਰਥ ਅਤੇ ਸੀਜ਼ਾ ਦੀ ਜੋੜੀ ਨੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ।
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਮੁਬਾਰਕਬਾਦ
ਪੰਜਾਬ ਬੈਡਮਿੰਟਨ ਐਸੋਸੀਏਸ਼ਨ (PBA) ਨੇ ਇਸ ਇਤਿਹਾਸਕ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਖਿਡਾਰੀਆਂ, ਕੋਚਾਂ, ਆਫੀਸ਼ੀਅਲਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤੇਨ ਖੰਨਾ ਨੇ ਕਿਹਾ ਕਿ ਸਾਡੇ ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਨੇ ਅੱਜ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ। ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮਿਲੀਆਂ 10 ਵਾਧੂ ਐਂਟਰੀਆਂ ਸਾਡੇ ਉੱਭਰਦੇ ਸ਼ਟਲਰਾਂ ਲਈ ਇੱਕ ਸੁਨਹਿਰੀ ਮੌਕਾ ਹਨ। PBA ਖਿਡਾਰੀਆਂ ਨੂੰ ਹਰ ਸੰਭਵ ਸਹੂਲਤ ਅਤੇ ਬਹਿਤਰੀਨ ਕੋਚਿੰਗ ਦੇਣ ਲਈ ਵਚਨਬੱਧ ਹੈ।"
ਇਸ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਖੇਡ ਪ੍ਰੇਮੀਆਂ ਵੱਲੋਂ ਜੇਤੂ ਖਿਡਾਰੀਆਂ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।