ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ: ਸਰਕਾਰ ਨੇ ਵਧਾਈ GIC ਦੀ ਰਾਸ਼ੀ, ਕੈਨੇਡਾ ’ਚ ਪੜ੍ਹਾਈ ਹੋਈ ਮਹਿੰਗੀ
1 ਸਤੰਬਰ ਤੋਂ ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟ ਦੇ ਨਿਯਮਾਂ ’ਚ ਬਦਲਾਅ ਕਰ ਦਿੱਤਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਟੱਡੀ ਪਰਮਿਟ ਲਈ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਦੀ ਰਾਸ਼ੀ ਵਧਾ ਕੇ 23,448 ਕੈਨੇਡੀਅਨ ਡਾਲਰ ਕਰ ਦਿੱਤੀ ਹੈ, ਯਾਨੀ ਹੁਣ ਲਗਪਗ 16.15 ਲੱਖ ਰੁਪਏ ਦੀ ਰਾਸ਼ੀ ਦਿਖਾਉਣੀ ਪਵੇਗੀ।
Publish Date: Thu, 03 Sep 2026 01:32 PM (IST)
Updated Date: Thu, 03 Sep 2026 01:37 PM (IST)
ਕਮਲ ਕਿਸ਼ੋਰ, ਜਲੰਧਰ, ਜਾਗਰਣ। ਕੈਨੇਡਾ ’ਚ ਪੜ੍ਹਾਈ ਕਰਨ ਦੀ ਚਾਹਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਇਸ ਨਾਲ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ 'ਤੇ ਵਾਧੂ ਬੋਝ ਪੈ ਗਿਆ ਹੈ। ਕੈਨੇਡੀਅਨ ਡਾਲਰ ਦੇ ਮਜ਼ਬੂਤ ਹੋਣ ਨਾਲ ਮਾਪਿਆਂ ਦੇ ਬਜਟ 'ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
1 ਸਤੰਬਰ ਤੋਂ ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟ ਦੇ ਨਿਯਮਾਂ ’ਚ ਬਦਲਾਅ ਕਰ ਦਿੱਤਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਟੱਡੀ ਪਰਮਿਟ ਲਈ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਦੀ ਰਾਸ਼ੀ ਵਧਾ ਕੇ 23,448 ਕੈਨੇਡੀਅਨ ਡਾਲਰ ਕਰ ਦਿੱਤੀ ਹੈ, ਯਾਨੀ ਹੁਣ ਲਗਪਗ 16.15 ਲੱਖ ਰੁਪਏ ਦੀ ਰਾਸ਼ੀ ਦਿਖਾਉਣੀ ਪਵੇਗੀ।
ਇਸ ਤੋਂ ਪਹਿਲਾਂ 2025 ਵਿੱਚ ਵਿਦਿਆਰਥੀਆਂ ਲਈ GIC ਦੀ ਰਕਮ 22,895 ਕੈਨੇਡੀਅਨ ਡਾਲਰ ਸੀ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਵਧਦੀ ਮਹਿੰਗਾਈ ਅਤੇ ਰਹਿਣ-ਸਹਿਣ ਦੇ ਖਰਚਿਆਂ ਨੂੰ ਦੇਖਦੇ ਹੋਏ ਇਹ ਰਾਸ਼ੀ ਵਧਾਈ ਗਈ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚਣ 'ਤੇ ਕਿਸੇ ਕਿਸਮ ਦੀ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਾਲ 2023 ’ਚ ਕੈਨੇਡੀਅਨ ਡਾਲਰ ਦੀ ਕੀਮਤ 58.10 ਰੁਪਏ ਸੀ, ਜੋ ਹੁਣ ਵਧ ਕੇ 68.9 ਰੁਪਏ ਤੱਕ ਪਹੁੰਚ ਗਈ ਹੈ। ਡਾਲਰ ਦੇ ਮਜ਼ਬੂਤ ਹੋਣ ਦਾ ਸਿੱਧਾ ਬੋਝ ਪੰਜਾਬੀ ਮਾਪਿਆਂ ਦੀ ਜੇਬ 'ਤੇ ਪਵੇਗਾ। ਪਹਿਲਾਂ ਹੀ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ 30 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਹਰ ਸਾਲ ਸਵਾ ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾਂਦੇ ਹਨ, ਜਿੱਥੇ ਦਾਖ਼ਲਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁੱਝ ਘੰਟੇ ਕੰਮ ਕਰਨ ਦਾ ਮੌਕਾ ਵੀ ਮਿਲਦਾ ਹੈ।
ਐਸੋਸੀਏਸ਼ਨ ਆਫ਼ ਕੰਸਲਟੈਂਟਸ ਆਫ਼ ਓਵਰਸੀਜ਼ ਸਟੱਡੀਜ਼ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਕਿਹਾ ਕਿ GIC ਵਧਣ ਨਾਲ ਮਾਪਿਆਂ 'ਤੇ ਵਾਧੂ ਬੋਝ ਪਿਆ ਹੈ, ਜਦਕਿ ਹਰ ਪਰਿਵਾਰ ਦਾ ਇੱਕ ਸੀਮਤ ਬਜਟ ਹੁੰਦਾ ਹੈ। ਕੈਨੇਡਾ ਦੇ ਨਾਲ-ਨਾਲ ਹੁਣ ਵਿਦਿਆਰਥੀਆਂ ਦਾ ਝੁਕਾਅ ਅਮਰੀਕਾ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਹੋਰਾਂ ਦੇਸ਼ਾਂ ਵੱਲ ਵੀ ਵਧ ਰਿਹਾ ਹੈ।
ਗਲੇਨ ਮੋਰ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਦੱਸਿਆ ਕਿ 1 ਸਤੰਬਰ ਤੋਂ GIC ਵਧ ਗਈ ਹੈ ਅਤੇ ਕੈਨੇਡੀਅਨ ਡਾਲਰ 68 ਰੁਪਏ ਤੋਂ ਪਾਰ ਹੋ ਗਿਆ ਹੈ। ਮਾਪਿਆਂ ਨੇ ਭਾਰਤੀ ਰੁਪਏ ਡਾਲਰਾਂ ਵਿੱਚ ਬਦਲ ਕੇ ਬੱਚੇ ਦੇ ਖਾਤੇ ਵਿੱਚ ਭੇਜਣੇ ਹੁੰਦੇ ਹਨ, ਜਿਸ ਨਾਲ ਲਗਪਗ 60,000 ਤੋਂ 70,000 ਰੁਪਏ ਦਾ ਵਾਧੂ ਖਰਚਾ ਮਾਪਿਆਂ ਦੀ ਜੇਬ 'ਤੇ ਪੈ ਗਿਆ ਹੈ।