ਭੋਗਪੁਰ ਪੁਲਿਸ ਵੱਲੋਂ ਦੋ ਪਿਸਤੌਲ ਸਮੇਤ ਦੋ ਕਾਬੂ
ਭੋਗਪੁਰ ਪੁਲਿਸ ਵੱਲੋਂ 209 ਪਾਬੰਦੀਸ਼ੁਦਾ ਗੋਲੀਆਂ ਤੇ ਦੋ ਪਿਸਤੌਲ ਸਮੇਤ ਦੋ ਗ੍ਰਿਫ਼ਤਾਰ
Publish Date: Wed, 25 Feb 2026 10:33 PM (IST)
Updated Date: Wed, 25 Feb 2026 10:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਭੋਗਪੁਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 209 ਪਾਬੰਦੀਸ਼ੁਦਾ ਗੋਲੀਆਂ ਤੇ ਦੋ .32 ਬੋਰ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ’ਚ ਮੁਲਜ਼ਮ ਗੌਰਵ ਗਿੱਲ ਉਰਫ਼ ਗੁਰੀ ਵਾਸੀ ਪਿੰਡ ਭਟਨੂਰਾ ਕਲਾਂ, ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਪਹਿਲਾਂ 190 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਬਾਅਦ ’ਚ ਪੁਲਿਸ ਰਿਮਾਂਡ ਦੌਰਾਨ ਉਸ ਤੋਂ ਹੋਰ 19 ਪਾਬੰਦੀਸ਼ੁਦਾ ਗੋਲੀਆਂ ਤੇ ਇਕ .32 ਬੋਰ ਪਿਸਤੌਲ ਸਮੇਤ ਚਾਰ ਕਾਰਤੂਸ ਵੀ ਬਰਾਮਦ ਕੀਤੇ ਗਏ। ਦੂਜੇ ਮਾਮਲੇ ’ਚ ਪੁਲਿਸ ਨੇ ਰਣਜੀਤ ਸਿੰਘ ਉਰਫ਼ ਪੱਪੂ ਵਾਸੀ ਪਿੰਡ ਭਗਵਾਨਪੁਰ, ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇਕ ਦੇਸੀ .32 ਬੋਰ ਪਿਸਤੌਲ ਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੋਵੇਂ ਮਾਮਲਿਆਂ ’ਚ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ ਗੋਲ਼ੀਆਂ ਤੇ ਗੈਰਕਾਨੂੰਨੀ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਤੇ ਇਸ ਨੈੱਟਵਰਕ ’ਚ ਹੋਰ ਕੌਣ-ਕੌਣ ਸ਼ਾਮਲ ਹੈ। ਨਸ਼ਾ ਤਸਕਰੀ ਨਾਲ ਜੁੜੀ ਆਮਦਨ ਤੇ ਜਾਇਦਾਦਾਂ ਦੀ ਵੀ ਕਾਨੂੰਨੀ ਜਾਂਚ ਕੀਤੀ ਜਾ ਰਹੀ ਹੈ।