‘ਨਾ ਨਫ਼ਾ, ਨਾ ਨੁਕਸਾਨ’ ਨਾਲ ਨਗਰ ਕੌਂਸਲ ਭੋਗਪੁਰ ਦਾ ਬਜਟ ਪਾਸ
ਨਗਰ ਕੌਂਸਲ ਭੋਗਪੁਰ ਦਾ 2026-27 ਦਾ ਬਜਟ ਪੇਸ਼ “ਨੋ ਪ੍ਰਾਫਿਟ, ਨੋ ਲਾਸ” ਦਾ ਸੰਤੁਲਿਤ ਅਨੁਮਾਨ
Publish Date: Wed, 01 Apr 2026 10:03 PM (IST)
Updated Date: Wed, 01 Apr 2026 10:07 PM (IST)
-ਆਮਦਨ ਤੇ ਖਰਚੇ ਦੋਵੇਂ 575 ਲੱਖ ਰੁਪਏ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਕੌਂਸਲ ਭੋਗਪੁਰ ਵੱਲੋਂ ਵਿੱਤੀ ਵਰ੍ਹਾ 2026-27 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ, ਜਿਸ ’ਚ “ਨੋ ਪ੍ਰਾਫਿਟ, ਨੋ ਲਾਸ” ਦੇ ਸਿਧਾਂਤ ਅਧੀਨ 575 ਲੱਖ ਰੁਪਏ ਦੀ ਆਮਦਨ ਤੇ ਉਨ੍ਹਾਂ ਹੀ ਰਕਮ ਦੇ ਖਰਚ ਦਾ ਅਨੁਮਾਨ ਲਾਇਆ ਗਿਆ ਹੈ। ਇਹ ਬਜਟ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਰੋਜ਼ਾਨਾ ਪ੍ਰਸ਼ਾਸਕੀ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਦਫ਼ਤਰ ’ਚ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਜਕੁਮਾਰ ਰਾਜਾ ਦੀ ਅਗਵਾਈ ਹੇਠ ਹੋਈ। ਬਜਟ ਅਨੁਸਾਰ ਤਨਖਾਹਾਂ ’ਤੇ ਲਗਭਗ 268.55 ਲੱਖ ਰੁਪਏ, ਪੈਨਸ਼ਨ ‘ਤੇ 61.45 ਲੱਖ ਰੁਪਏ ਤੇ ਰੱਖ-ਰਖਾਵ ਤੇ ਹੋਰ ਖਰਚਾਂ ਲਈ 20 ਲੱਖ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਜਲੀ, ਸਫ਼ਾਈ, ਵਿਕਾਸ ਕਾਰਜਾਂ ਅਤੇ ਦਫ਼ਤਰੀ ਖਰਚਾਂ ਲਈ ਵੀ ਵੱਖ-ਵੱਖ ਮੱਦਾਂ ’ਚ ਰਕਮ ਰੱਖੀ ਗਈ ਹੈ। ਆਮਦਨ ਦੇ ਪੱਖ ’ਚ ਨਗਰ ਕੌਂਸਲ ਨੇ ਟੈਕਸ, ਫੀਸ, ਕਿਰਾਏ ਤੇ ਹੋਰ ਸਰੋਤਾਂ ਤੋਂ ਕੁੱਲ 575 ਲੱਖ ਰੁਪਏ ਇਕੱਠੇ ਕਰਨ ਦਾ ਲਕਸ਼ ਰੱਖਿਆ ਹੈ, ਜਿਸ ਨਾਲ ਆਮਦਨ ਤੇ ਖਰਚ ’ਚ ਪੂਰਾ ਸੰਤੁਲਨ ਬਣਾਇਆ ਗਿਆ ਹੈ।
ਬਜਟ ਮੀਟਿੰਗ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਰਾਜਕੁਮਾਰ ਰਾਜਾ ਦੇ ਨਾਲ ਕੌਂਸਲਰ ਰਾਕੇਸ਼ ਕੁਮਾਰ ਬੱਗਾ, ਕੌਂਸਲਰ ਨੀਤੀ ਅਰੋੜਾ, ਡਾ. ਕਮਲ ਸਿੰਘ, ਸੁਖਦੇਵ ਰਾਜ, ਮਨੀਸ਼ ਸੁਖੀਜਾ, ਰੇਖਾ ਰਾਣੀ, ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਿਲਰ ਜੀਤ ਰਾਣੀ, ਸਤਨਾਮ ਸਿੰਘ ਸਮੇਤ ਹੋਰ ਕੌਂਸਲਰ ਹਾਜ਼ਰ ਰਹੇ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਤੇ ਲੇਖਾਕਾਰ ਅਖਿਲੇਸ਼ ਕੁਮਾਰ ਸਮੇਤ ਦਫ਼ਤਰ ਦਾ ਸਟਾਫ ਵੀ ਮੌਜੂਦ ਰਿਹਾ। ਅਧਿਕਾਰੀਆਂ ਦੇ ਅਨੁਸਾਰ ਇਹ ਬਜਟ ਸ਼ਹਿਰ ’ਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਤੇ ਵਿਕਾਸ ਨੂੰ ਗਤੀ ਦੇਣ ’ਚ ਸਹਾਇਕ ਸਾਬਤ ਹੋਵੇਗਾ।
-----------------------------
ਸਮੇਂ ਦੀ ਮਿਆਦ ਤੋਂ ਬਾਅਦ ਹੋਈ ਬਜਟ ਮੀਟਿੰਗ ’ਤੇ ਉੱਠੇ ਸਵਾਲ
ਨਗਰ ਕੌਂਸਲ ਭੋਗਪੁਰ ’ਚ ਬਜਟ ਸੰਬੰਧੀ ਮੀਟਿੰਗ ਬੁੱਧਵਾਰ, 1 ਅਪ੍ਰੈਲ ਨੂੰ ਕਰਵਾਈ ਗਈ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਬਜਟ ਨੂੰ 31 ਮਾਰਚ ਤੋਂ ਪਹਿਲਾਂ ਪਾਸ ਕਰਨਾ ਲਾਜ਼ਮੀ ਹੁੰਦਾ ਹੈ ਤੇ ਪਹਿਲੀ ਅਪ੍ਰੈਲ ਤੋਂ ਬਜਟ ਲਾਗੂ ਹੋ ਜਾਂਦਾ ਹੈ ਪਰ ਇਸ ਵਾਰ ਮੀਟਿੰਗ ਨਿਰਧਾਰਿਤ ਸਮੇਂ ਦੀ ਮਿਆਦ ਤੋਂ ਬਾਅਦ ਹੋਣ ਕਾਰਨ ਪ੍ਰਸ਼ਾਸਕੀ ਪ੍ਰਕਿਰਿਆ ‘ਤੇ ਸਵਾਲ ਉੱਠ ਰਹੇ ਹਨ।