ਭੋਗਪੁਰ ਮਾਰਕੀਟ ਐਸੋਸੀਏਸ਼ਨ ਵੱਲੋਂ ਸੀਐੱਨਜੀ ਪਲਾਂਟ ਵਿਰੁੱਧ ਮੀਟਿੰਗ ਭੋਗਪੁਰ ਮਾਰਕੀਟ ਐਸੋਸੀਏਸ਼ਨ ਵੱਲੋਂ ਸੀਐੱਨਜੀ ਪਲਾਂਟ ਦੇ ਵਿਰੋਧ ’ਚ ਮੀਟਿੰਗ
Publish Date: Fri, 11 Sep 2026 08:24 PM (IST)
Updated Date: Sat, 12 Sep 2026 04:08 AM (IST)
- ਹਾਈਕੋਰਟ ਦੀ ਅਗਲੀ ਸੁਣਵਾਈ ਲਈ ਤਿਆਰੀ ਮੁਕੰਮਲ ਕਰਨ ਦਾ ਦਾਅਵਾ, ਡੀਸੀ ਨੂੰ ਪੇਸ਼ ਹੋਣ ਦੇ ਹੁਕਮ ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਬਹਿਲ ਤੇ ਭੋਗਪੁਰ ਦੇ ਪ੍ਰਧਾਨ ਰਾਜਕੁਮਾਰ ਰਾਜਾ ਦੀ ਅਗਵਾਈ ਹੇਠ ਸੀਐੱਨਜੀ ਪਲਾਂਟ ਵਿਰੁੱਧ ਹੋਈ ਅਹਿਮ ਮੀਟਿੰਗ ਦੌਰਾਨ ਸੀਐੱਨਜੀ ਪਲਾਂਟ ਦਾ ਮੁੱਦਾ ਮੁੜ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਤੇ ਇਸ ਨਾਲ ਸਬੰਧਤ ਚੱਲ ਰਹੀ ਕਾਨੂੰਨੀ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਹੋਣ ਵਾਲੀ ਅਗਲੀ ਸੁਣਵਾਈ ਲਈ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਹਾਈਕੋਰਟ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਭੋਗਪੁਰ ਤੋਂ ਅਹੁਦੇਦਾਰਾਂ ਦਾ ਇਕ ਵਫ਼ਦ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਨੂੰ ਵੀ ਮਿਲਿਆ, ਜਿੱਥੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਮੰਗ ਰੱਖੀ ਗਈ। ਆਗੂਆਂ ਅਨੁਸਾਰ ਕਮਿਸ਼ਨ ਵੱਲੋਂ ਵੀ ਮਾਮਲੇ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਮਾਰਕੀਟ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਸੀਐੱਨਜੀ ਪਲਾਂਟ ਨਾਲ ਸਬੰਧਤ ਕਥਿਤ ਤੌਰ ’ਤੇ ਗਲਤ ਢੰਗ ਨਾਲ ਜਾਰੀ ਕੀਤੀਆਂ ਐੱਨਓਸੀਆਂ ਦਾ ਮੁੱਦਾ ਪਿੰਡ-ਪਿੰਡ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਚਿੰਤਾਵਾਂ ਨੂੰ ਅਦਾਲਤ ਸਾਹਮਣੇ ਪੂਰੀ ਮਜ਼ਬੂਤੀ ਨਾਲ ਰੱਖਿਆ ਜਾਵੇਗਾ ਤੇ ਇਸ ਮਾਮਲੇ ਨੂੰ ਅੰਤ ਤੱਕ ਕਾਨੂੰਨੀ ਤੌਰ ’ਤੇ ਲੜਿਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸੀਐੱਨਜੀ ਪਲਾਂਟ ਦੇ ਮਾਮਲੇ ’ਚ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ।