ਇਕ ਦਿਨ ਪਹਿਲਾਂ ‘ਆਪ’ ‘ਚ ਹੋਏ ਸ਼ਾਮਲ, ਦੂਜੇ ਦਿਨ ਕੱਟਿਆ ਭੰਡਾਰੀ ਦਾ ਕੇਕ ਇੱਕ ਦਿਨ ਪਹਿਲਾਂ ਹੋਏ ‘ਆਪ’ ‘ਚ ਸ਼ਾਮਲ ਦੂਜੇ ਦਿਨ ਕੱਟਿਆ ਭੰਡਾਰੀ ਦਾ ਕੇਕ
Publish Date: Thu, 03 Sep 2026 10:55 PM (IST)
Updated Date: Thu, 03 Sep 2026 10:58 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੀ ਸਿਆਸਤ ’ਚ ਪਾਰਟੀ ਬਦਲਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸਿਆਸੀ ਚਰਚਾ ਛੇੜ ਦਿੱਤੀ ਹੈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਭਾਜਪਾ ਆਗੂ ਦਿਨੇਸ਼ ਸਨੀ ਦੂਆ ਤੇ ਹਸਨ ਸੋਨੀ ਬੁੱਧਵਾਰ ਨੂੰ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਕੇ.ਡੀ. ਭੰਡਾਰੀ ਦੇ ਨਾਲ ਨਜ਼ਰ ਆਏ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਤੇ ਮੇਅਰ ਵਨੀਤ ਧੀਰ ਦੀ ਮੌਜੂਦਗੀ ’ਚ ਦੋਵਾਂ ਨੇ ‘ਆਪ’ ਦਾ ਪੱਲਾ ਫੜਿਆ ਸੀ। ਇਸ ਦੇ ਅਗਲੇ ਹੀ ਦਿਨ ਦੋਵਾਂ ਦੀਆਂ ਕੇ.ਡੀ. ਭੰਡਾਰੀ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ’ਚ ਚਰਚਾ ਤੇਜ਼ ਹੋ ਗਈ ਹੈ। ---------------------------- ਕੇਕ ਦੀ ਤਸਵੀਰ ਹੋਈ ਵਾਇਰਲ ਬੁੱਧਵਾਰ ਨੂੰ ਭਾਜਪਾ ਆਗੂ ਕੇ.ਡੀ. ਭੰਡਾਰੀ ਦੇ ਜਨਮਦਿਨ ਮੌਕੇ ਕੇਕ ਕੱਟ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਨੀ ਦੂਆ ਅਤੇ ਹਸਨ ਸੋਨੀ ਵੀ ਨਾਲ ਮੌਜੂਦ ਸਨ। ਇਸ ਦੌਰਾਨ ਖਿੱਚੀ ਗਈ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ------------------------ ਅਨੁਪਮ ਸ਼ਰਮਾ ਦੀ ਮੌਜੂਦਗੀ ਨੇ ਵੀ ਖਿੱਚਿਆ ਧਿਆਨ ਇਸ ਮੌਕੇ ਭਾਜਪਾ ਤੋਂ ਬਾਹਰ ਕੀਤੇ ਜਾ ਚੁੱਕੇ ਆਗੂ ਅਨੁਪਮ ਸ਼ਰਮਾ ਵੀ ਕੇ.ਡੀ. ਭੰਡਾਰੀ ਦੇ ਨਾਲ ਨਜ਼ਰ ਆਏ। ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਚੋਣਾਂ ਦੌਰਾਨ ਅਨੁਪਮ ਸ਼ਰਮਾ ਨੇ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਤੋਂ ਬਾਅਦ ਭਾਜਪਾ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਹੁਣ ਇਕ ਪਾਸੇ ‘ਆਪ’ ਵਿੱਚ ਸ਼ਾਮਲ ਹੋਏ ਆਗੂ ਤੇ ਦੂਜੇ ਪਾਸੇ ਭਾਜਪਾ ਤੋਂ ਬਾਹਰ ਕੀਤੇ ਗਏ ਆਗੂ ਦਾ ਇੱਕੋ ਤਸਵੀਰ ’ਚ ਕੇ.ਡੀ. ਭੰਡਾਰੀ ਨਾਲ ਨਜ਼ਰ ਆਉਣਾ ਜਲੰਧਰ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।