- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੰਡਾਰੀ ’ਤੇ ਹੋ ਸਕਦਾ ਹੈ ਕਿੰਤੂ-ਪ੍ਰੰਤੂ, ਦੋ ਹਾਰਾਂ ਲਾ ਸਕਦੀਆਂ ‘ਗ੍ਰਹਿਣ’

‘-ਨਾਰਥ ‘ਚ ਪੁਰਾਣਿਆਂ’ਤੇ ਦਾਅ ਖੇਡਣਗੀਆਂ ਪਾਰਟੀਆਂ ਜਾਂ ਨਵਿਆਂ ਨੂੰ ਮੌਕਾ
-ਧੀਰ ਕਰਕੇ ਬਦਲੇ ਸਿਆਸੀ ਸਮੀਕਰਨ, ਹੁਣ ਭਾਜਪਾ, ਕਾਂਗਰਸ ਤੇ ਅਕਾਲੀ ਦਲ ’ਤੇ ਨਜ਼ਰ
-ਅਕਾਲੀ-ਭਾਜਪਾ ਦਾ ਗੱਠਜੋੜ ਬਦਲ ਸਕਦਾ ਸਾਰੀ ਸਥਿਤੀ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਨਾਰਥ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਆਮ ਆਦਮੀ ਪਾਰਟੀ ਵੱਲੋਂ ਵਿਨੀਤ ਧੀਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਹੁਣ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਚੋਣ ’ਤੇ ਨਜ਼ਰ ਟਿਕ ਗਈ ਹੈ। ਭਾਜਪਾ ਵਿਚ ਸਾਬਕਾ ਵਿਧਾਇਕ ਕੇਡੀ ਭੰਡਾਰੀ ਦਾ ਨਾਂ ਪ੍ਰਮੁੱਖ ਦਾਅਵੇਦਾਰ ਵਜੋਂ ਚਰਚਾ ਵਿੱਚ ਹੈ ਪਰ ਲਗਾਤਾਰ ਦੋ ਚੋਣਾਂ ਵਿੱਚ ਮਿਲੀਆਂ ਹਾਰਾਂ ਉਨ੍ਹਾਂ ਦੀ ਟਿਕਟ ’ਤੇ ਕਿੰਤੂ-ਪ੍ਰੰਤੂ ਦਾ ਕਾਰਨ ਬਣ ਸਕਦੀਆਂ ਹਨ। 2017 ਵਿੱਚ ਭੰਡਾਰੀ ਨੂੰ 37,424 ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸ ਦੇ ਅਵਤਾਰ ਹੈਨਰੀ ਜੂਨੀਅਰ ਨੇ 69,715 ਵੋਟਾਂ ਲੈ ਕੇ 32,291 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। 2022 ’ਚ ਵੀ ਭੰਡਾਰੀ 37,852 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ ਅਤੇ ਹੈਨਰੀ ਜੂਨੀਅਰ ਨੇ 47,338 ਵੋਟਾਂ ਹਾਸਲ ਕਰਕੇ 9,486 ਵੋਟਾਂ ਨਾਲ ਸੀਟ ਜਿੱਤੀ। ਭੰਡਾਰੀ 2007 ਅਤੇ 2012 ’ਚ ਇਸੇ ਹਲਕੇ ਤੋਂ ਲਗਾਤਾਰ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉੱਧਰ, ਦਿਨੇਸ਼ ਢੱਲ ਵੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੰਭਾਵਿਤ ਦਾਅਵੇਦਾਰਾਂ ’ਚ ਸ਼ਾਮਲ ਹਨ। ਉਨ੍ਹਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ 32,685 ਵੋਟਾਂ ਹਾਸਲ ਕੀਤੀਆਂ ਸਨ। ਦੂਜੇ ਪਾਸੇ ਚਾਹੇ ਜੇ ਸਿਆਸੀ ਮਾਹਿਰਾਂ ਦੀ ਮੰਨੀ ਜਾਵੇ ਤਾਂ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਚਾਹੁੰਦੀ ਹੈ ਕਿ ਨਾਰਥ ਦੀ ਇਹ ਸੀਟ ਉਨ੍ਹਾਂ ਦੇ ਖਾਤੇ ’ਚ ਹੀ ਰਹੇ ਪਰ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਹਲਕੇ ਦੇ ਆਗੂਆਂ ਨੂੰ ਲਾਮਵੰਦ ਕਰਕੇ ਕੇਡਰ ਤਿਆਰ ਕੀਤਾ।
-------------------
ਭਾਜਪਾ ਕੋਲ ਕਿਹੜਾ ਰਾਹ ਬਚਦਾ
ਭਾਜਪਾ ਲਈ ਭੰਡਾਰੀ ਨੂੰ ਮੁੜ ਟਿਕਟ ਦੇਣਾ ਜਾਂ ਕਿਸੇ ਹੋਰ ਚਿਹਰੇ ਨੂੰ ਮੌਕਾ ਦੇਣਾ, ਦੋਵੇਂ ਫੈਸਲੇ ਆਸਾਨ ਨਹੀਂ ਹੋਣਗੇ। ਭੰਡਾਰੀ ਦੀਆਂ ਪਿਛਲੀਆਂ ਹਾਰਾਂ ਸਵਾਲ ਖੜ੍ਹੇ ਕਰ ਸਕਦੀਆਂ ਹਨ, ਜਦਕਿ ਨਵੇਂ ਉਮੀਦਵਾਰ ਦੀ ਹਲਕੇ ’ਚ ਪਕੜ ਪਰਖਣੀ ਪਵੇਗੀ। ਦਿਨੇਸ਼ ਢੱਲ ਦੇ ਰੂਪ ਵਿੱਚ ਪਾਰਟੀ ਕੋਲ ਇਕ ਹੋਰ ਚੋਣ ਲੜ ਚੁੱਕਾ ਚਿਹਰਾ ਹੈ। ਹੁਣ ਭਾਜਪਾ ਸਾਹਮਣੇ ਭੰਡਾਰੀ, ਢੱਲ ਜਾਂ ਕਿਸੇ ਨਵੇਂ ਆਗੂ ਵਿੱਚੋਂ ਚੋਣ ਕਰਨ ਦੀ ਚੁਣੌਤੀ ਹੈ।
--------------------------
ਕਾਂਗਰਸ : ਹੈਨਰੀ ਜੂਨੀਅਰ ਦੀ ਦਾਅਵੇਦਾਰੀ
ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਦਾ ਨਾਂ ਮੁੜ ਪ੍ਰਮੁੱਖ ਸੰਭਾਵਿਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਉਹ 2017 ਅਤੇ 2022 ’ਚ ਲਗਾਤਾਰ ਦੋ ਵਾਰ ਜਿੱਤ ਚੁੱਕੇ ਹਨ। ਹਾਲਾਂਕਿ 2027 ’ਚ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੇ ਕੰਮਾਂ ਤੇ ਹਲਕੇ ਦੇ ਲੋਕਾਂ ਨਾਲ ਸੰਪਰਕ ਦਾ ਹਿਸਾਬ ਦੇਣਾ ਪਵੇਗਾ। ਪਾਰਟੀ ਉਨ੍ਹਾਂ ’ਤੇ ਮੁੜ ਭਰੋਸਾ ਜਤਾਉਂਦੀ ਹੈ ਜਾਂ ਨਵੇਂ ਚਿਹਰੇ ਨੂੰ ਮੌਕਾ ਦਿੰਦੀ ਹੈ, ਇਸ ਬਾਰੇ ਫੈਸਲਾ ਬਾਕੀ ਹੈ।
----------------------
ਅਕਾਲੀ ਦਲ : ਹਰਿੰਦਰ ਢੀਂਡਸਾ ਦੇ ਨਾਂ ਦੀ ਚਰਚਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੂੰ ਸੰਭਾਵਿਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਹਲਕੇ ’ਚ ਪਾਰਟੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਢੀਂਡਸਾ ਦੇ ਨਾਂ ਦੀ ਚਰਚਾ ਹੈ ਪਰ ਟਿਕਟ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਕੁੱਲ ਮਿਲਾ ਕੇ ‘ਆਪ’ ਵੱਲੋਂ ਨਵੇਂ ਚਿਹਰੇ ਨੂੰ ਮੌਕਾ ਦੇਣ ਨਾਲ ਦੂਜੀਆਂ ਪਾਰਟੀਆਂ ਸਾਹਮਣੇ ਵੀ ਉਮੀਦਵਾਰ ਚੋਣ ਦੀ ਚੁਣੌਤੀ ਹੈ। ਕਾਂਗਰਸ ਕੋਲ ਦੋ ਵਾਰ ਜਿੱਤ ਦਾ ਰਿਕਾਰਡ ਹੈ, ਭਾਜਪਾ ਨੂੰ ਪਿਛਲੀਆਂ ਹਾਰਾਂ ਅਤੇ ਨਵੇਂ ਦਾਅਵੇਦਾਰਾਂ ਵਿਚਕਾਰ ਫੈਸਲਾ ਕਰਨਾ ਹੈ, ਜਦਕਿ ਅਕਾਲੀ ਦਲ ਦੀ ਨਜ਼ਰ ਆਪਣੇ ਹਲਕਾ ਇੰਚਾਰਜ ’ਤੇ ਹੈ।
---------------------
ਅਕਾਲੀ-ਭਾਜਪਾ ਗੱਠਜੋੜ ਹੋਇਆ ਤਾਂ...
ਓਧਰ ਨਾਰਥ ਹਲਕੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗੱਠਜੋੜ ਨਾਲ ਵੀ ਸਿਆਸੀ ਸਮੀਕਰਨ ਬਦਲ ਸਕਦੇ ਹਨ। ਜੇਕਰ 2027 ਦੀਆਂ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੁੰਦੀਆਂ ਹਨ ਤਾਂ ਸਭ ਤੋਂ ਵੱਡਾ ਸਵਾਲ ਸੀਟ ਦੀ ਵੰਡ ਨੂੰ ਲੈ ਕੇ ਹੋਵੇਗਾ। ਸੀਟ ਭਾਜਪਾ ਦੇ ਹਿੱਸੇ ਆਉਣ ’ਤੇ ਕੇਡੀ ਭੰਡਾਰੀ ਅਤੇ ਦਿਨੇਸ਼ ਢੱਲ ਦੀ ਦਾਅਵੇਦਾਰੀ ਸਾਹਮਣੇ ਹੋਵੇਗੀ, ਜਦਕਿ ਅਕਾਲੀ ਦਲ ਦੇ ਹਿੱਸੇ ਆਉਣ ’ਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦਾ ਨਾਂ ਉਭਰ ਸਕਦਾ ਹੈ। ਅਜਿਹੇ ਗਠਜੋੜ ਨਾਲ ਨਾ ਸਿਰਫ਼ ਟਿਕਟ ਦੇ ਦਾਅਵੇਦਾਰਾਂ ਦੀ ਸਥਿਤੀ ਬਦਲੇਗੀ, ਸਗੋਂ ਦੋਵਾਂ ਪਾਰਟੀਆਂ ਦੇ ਸਥਾਨਕ ਆਗੂਆਂ ਦੀ ਭੂਮਿਕਾ ਵੀ ਨਵੇਂ ਸਿਰੇ ਤੋਂ ਤੈਅ ਹੋਵੇਗੀ।