
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ

ਪ੍ਰਧਾਨ ਤੇ ਸਕੱਤਰ ਦੇ ਅਹੁਦਿਆਂ ਦੇ ਉਮੀਦਵਾਰਾਂ ’ਚ ਸਖ਼ਤ ਮੁਕਾਬਲੇ ਦੀ ਉਮੀਦ
ਚੰਦੀਪ ਭੱਲਾ, ਪੰਜਾਬੀ ਜਾਗਰਣ
ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ ਹੋਣੀਆਂ ਹਨ। ਚੋਣਾਂ ਕਰਵਾਉਣ ਲਈ 8 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ ਪਰ ਕਮੇਟੀ ਵੱਲੋਂ ਬੇਸ਼ੱਕ ਅਜੇ ਤੱਕ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਕਿ ਕਦੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। ਇਸ ਤੋਂ ਬਾਅਦ ਵੀ ਵੱਖ-ਵੱਖ ਅਹੁਦਿਆਂ ਲਈ ਖੜ੍ਹੇ ਉਮੀਦਵਾਰ ਨੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਸਾਰੀਆਂ ਸੋਸ਼ਲ ਸਾਈਟਾਂ ’ਤੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਨਾਲ ਹੀ ਸਾਰੇ ਉਮੀਦਵਾਰ ਵਕੀਲਾਂ ਦੇ ਚੈਂਬਰਾਂ ’ਚ ਜਾ ਕੇ ਤੇ ਵੱਖਰੇ ਤੌਰ ’ਤੇ ਵੀ ਮਿਲ ਕੇ ਵੋਟ ਅਪੀਲ ਕਰ ਰਹੇ ਹਨ ਤੇ ਉਨ੍ਹਾਂ ਕੋਲੋਂ ਸਮਰਥਨ ਦੇਣ ਦੀ ਮੰਗ ਕਰ ਰਹੇ ਹਨ।
ਇਨ੍ਹਾਂ ਚੋਣਾਂ ਲਈ ਸਭ ਤੋਂ ਅਹਿਮ ਅਹੁਦੇ ਪ੍ਰਧਾਨ ਅਤੇ ਸਕੱਤਰ ਦੇ ਹੁੰਦੇ ਹਨ ਤੇ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਰਤਨ ਦੂਆ ਤੇ ਤਰਸੇਮ ਸਿੰਘ ਟਾਕ ਦੇ ਵਿਚਕਾਰ ਮੁਕਾਬਲਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਦੋਵਾਂ ’ਚ ਸਖ਼ਤ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਵੀ ਐਡਵੋਕੇਟ ਰਾਕੇਸ਼ ਧੀਰ ਤੇ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਚੋਣ ਮੈਦਾਨ ’ਚ ਹਨ ਤੇ ਇਨ੍ਹਾਂ ਦੋਵਾਂ ’ਚ ਵਕੀਲ ਭਾਈਚਾਰੇ ਵੱਲੋਂ ਸਖ਼ਤ ਮੁਕਾਬਲਾ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਅਹੁਦਿਆਂ ’ਚ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਸਹਾਇਕ ਸਕੱਤਰ ਦੇ ਅਹੁਦੇ ਵੀ ਕਾਫੀ ਅਹਿਮ ਹਨ ਤੇ ਇਨ੍ਹਾਂ ਅਹੁਦਿਆਂ ਲਈ ਖੜ੍ਹੇ ਉਮੀਦਵਾਰ ਵੀ ਪੂਰੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕਰਨ ਲੱਗੇ ਹਨ। ਇਨ੍ਹਾਂ ’ਚੋਂ ਦੋ ਅਹਿਮ ਅਹੁਦਿਆਂ ਸਹਾਇਕ ਸਕੱਤਰ ਤੇ ਸੀਨੀਅਰ ਮੀਤ ਪ੍ਰਧਾਨ ਲਈ ਮਹਿਲਾ ਵਕੀਲ ਉਮੀਦਵਾਰ ਐਡਵੋਕੇਟ ਰਵੀਨਾ ਸੇਠੀ, ਮਧੂ ਸ਼ਰਮਾ ਤੇ ਛਾਇਆ ਖੁੱਲਰ ਤੇ ਸੁਦੇਸ਼ ਰਾਣੀ ਚੋਣ ਲੜ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਕਿ ਇਨ੍ਹਾਂ ਚੋਣਾਂ ਲਈ ਬਣਾਈ ਗਈ ਕਮੇਟੀ ਵੀਰਵਾਰ ਜਾਂ ਸ਼ੁੱਕਰਵਾਰ ਤੱਕ ਚੋਣਾਂ ਦਾ ਸ਼ਡਿਊਲ ਜਾਰੀ ਕਰ ਦੇਵੇਗੀ ਜਿਸ ਤੋਂ ਬਾਅਦ ਚੋਣ ਪ੍ਰਚਾਰ ਹੋਰ ਤੇਜ਼ ਹੋ ਜਾਵੇਗਾ।