- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਦਈਪੁਰ ਤੇ ਇੰਡਸਟ੍ਰੀਅਲ ਇਲਾਕੇ ਦੀਆਂ ਸੜਕਾਂ, ਸੀਵਰੇਜ ਤੇ ਸਟ੍ਰੀਟ ਲਾਇਟਾਂ ਦਾ ਛੇਤੀ ਹੋਵੇਗਾ - ਮੇਅਰ

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਗਦਈਪੁਰ ਤੇ ਇੰਡਸਟ੍ਰੀਅਲ ਏਰੀਆ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਏਗਾ। ਇਹ ਭਰੋਸਾ ਮੇਅਰ ਵਿਨੀਤ ਧੀਰ ਨੇ ਬੀਤੀ ਸ਼ਾਮ ਗਦਈਪੁਰ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਕਾਸ ਕੰਮ ਰਹਿੰਦੇ ਹਨ, ਉਹ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਉਕਤ ਜਥੇਬੰਦੀ ਦੇ ਅਹੁਦੇਦਾਰਾਂ ਨੇ ਮੇਅਰ ਨੂੰ ਮੰਗ ਪੱਤਰ ਦਿੱਤਾ, ਜਿਸ ’ਚ ਇੰਡਸਟ੍ਰੀਅਲ ਏਰੀਆ ਦੇ ਵਿਕਾਸ ਕੰਮ ਜਿਨ੍ਹਾਂ ’ਚ ਸੜਕਾਂ, ਸੀਵਰੇਜ ਤੇ ਸਟਰੀਟ ਲਾਈਟ ਨਾਲ ਸਬੰਧਤ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਸੀ। ਮੇਅਰ ਦੇ ਇਥੇ ਪੁੱਜਣ ’ਤੇ ਜਥੇਬੰਦੀ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਮੇਅਰ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਦੱਸਿਆ ਕਿ ਗਦਈਪੁਰ ਦੇ ਉਦਯੋਗਿਕ ਖੇਤਰ ’ਚ ਸੜਕਾਂ ਦਾ ਨਿਰਮਾਣ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਇਸ ਤੋਂ ਇਲਾਵਾ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਤੇ ਰਾਤ ਸਮੇਂ ਬੰਦ ਰਹਿਣ ਵਾਲੀਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣ ਦੀ ਮੰਗ ਵੀ ਉਠਾਈ ਗਈ। ਉਦਯੋਗਪਤੀਆਂ ਨੇ ਕਿਹਾ ਕਿ ਉਦਯੋਗਿਕ ਖੇਤਰ ’ਚ ਬੁਨਿਆਦੀ ਸਹੂਲਤਾਂ ਦੀ ਉਪਲੱਬਧਤਾ ਬੇਹੱਦ ਜ਼ਰੂਰੀ ਹੈ।
----------------------------------
ਵਿਕਾਸ ਕੰਮਾਂ ਦਾ ਲੱਗ ਚੁੱਕੈ ਟੈਂਡਰ
ਮੇਅਰ ਵਨੀਤ ਧੀਰ ਨੇ ਸਪੱਸ਼ਟ ਕੀਤਾ ਕਿ ਗਦਈਪੁਰ ’ਚ ਸੜਕਾਂ ਦੇ ਨਿਰਮਾਣ ਲਈ ਟੈਂਡਰ ਜਾਰੀ ਹੋ ਚੁੱਕਾ ਹੈ ਤੇ ਜਲਦ ਹੀ ਇਲਾਕੇ ਦੀਆਂ ਗਲੀਆਂ ਤੇ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣ ਲਈ ਵੀ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ ਤੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਦਯੋਗਿਕ ਖੇਤਰ ਕਿਸੇ ਵੀ ਸ਼ਹਿਰ ਦੀ ਆਰਥਿਕ ਤਰੱਕੀ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਉਦਯੋਗਪਤੀਆਂ ਨੂੰ ਬਿਹਤਰ ਬੁਨਿਆਦੀ ਢਾਂਚਾ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਤੇਜ਼ੀ ਨਾਲ ਕੀਤਾ ਜਾਏਗਾ। ਇਸ ਮੌਕੇ ਬਿੱਟੂ ਕਾਲੀਆ, ਗਗਨ ਮਲਹੋਤਰਾ, ਵਿਜੇ ਭਾਟੀਆ, ਜੇਬੀ ਸਿੰਘ ਚੌਧਰੀ, ਪੀਯੂਸ਼ ਸੇਠ, ਮੋਂਟੀ ਗੁਪਤਾ, ਕਿਸ਼ਨ ਪਾਸੀ, ਨਵਦੀਪ ਸਿੰਘ ਵਿਰਦੀ, ਸੂਰਜ ਸਿੰਘ, ਵਿਸ਼ਾਲ ਸ਼ਰਮਾ, ਨਿਖਿਲ ਖੰਨਾ ਤੇ ਅੰਕੁਰ ਕੋਹਲੀ ਸਮੇਤ ਗਦਈਪੁਰ ਇੰਡਸਟਰੀਅਲ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।