ਪੁੱਡਾ ਅਪਰੂਵ 37 ਕਾਲੋਨੀਆਂ ਦੀਆਂ ਬੈਂਕ ਗਾਰੰਟੀਆਂ ਲੈਪਸ : ਮੇਅਰ
ਡਿਫਾਲਟਰ ਕਾਲੋਨਾਈਜ਼ਰਾ ਦੀਆਂ ਪੁੱਡਾ ਅਪਰੂਵ 37 ਕਲੋਨੀਆਂ ਦੀ਼ਆਂ 25 ਕਰੋੜ ਦੀਆਂ ਬੈਂਕ ਗਰੰਟੀਆਂ ਲੈਪਸ,ਮੇਅਰ
Publish Date: Thu, 19 Feb 2026 09:14 PM (IST)
Updated Date: Thu, 19 Feb 2026 09:15 PM (IST)
ਪੁੱਡਾ ਅਧਿਕਾਰੀਆਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਕੀਤੀ ਜਾਵੇਗੀ ਸਿਫਾਰਸ਼
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ : ਪੰਜਾਬ ਡਿਵੈੱਲਵਮੈਂਟ ਅਥਾਰਿਟੀ (ਪੁੱਡਾ) ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਲ 2008 ’ਚ 37 ਅਪਰੂਵ ਕਾਲੋਨੀਆਂ ਦੀਆਂ 25 ਕਰੋੜ ਦੀਆਂ ਬੈਂਕ ਗਾਰੰਟੀਆਂ ਲੈਪਸ ਹੋਣ ਦਾ ਘਪਲਾ ਸਾਹਮਣੇ ਆਇਆ ਹੈ। ਇਸ ਦਾ ਕਾਲੋਨਾਈਜ਼ਰਾਂ ਨੂੰ ਲਾਭ ਮਿਲਿਆ। ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ। ਉਕਤ ਪ੍ਰਗਟਾਵਾ ਮੇਅਰ ਵਨੀਤ ਧੀਰ ਨੇ ਕਰਦਿਆਂ ਦੱਸਿਆ ਕਿ ਵੀਰਵਾਰ ਨੂੰ ਜਦੋਂ ਡਿਫਾਲਟਰ ਕਾਲੋਨਾਈਜ਼ਰਾਂ ਦਾ ਸਰਵੇ ਕੀਤਾ ਗਿਆ ਤਾਂ ਉਸ ’ਚੋਂ 37 ਪੁੱਡਾ ਅਪਰੂਵ ਅਜਿਹੀਆਂ ਕਾਲੋਨੀਆਂ ਦਾ ਪਤਾ ਲੱਗਾ, ਜਿਨ੍ਹਾਂ ਦੀਆਂ 25 ਕਰੋੜ ਦੀਆਂ ਬੈਂਕ ਗਾਰੰਟੀਆਂ ਲੈਪਸ ਹੋ ਗਈਆਂ। ਨਗਰ ਨਿਗਮ ਦੀ ਬਿਲਡਿੰਗ ਬਰਾਂਚ ਵੱਲੋਂ 162 ਕਲੋਨੀਆਂ ਦੀ ਸੂਚੀ ਉਨ੍ਹਾਂ ਨੂੰ ਮਿਲੀ ਸੀ। ਡਿਫਾਲਟਰ ਕਾਲੋਨਾਈਜ਼ਰਾਂ ਤੋਂ ਕਰੋੜਾਂ ਰੁਪਏ ਦੀ ਵਸੂਲੀ ਲਈ ਜਿਹੜੀ ਸੂਚੀ ਬਣੀ ਸੀ, ਉਸ ਦਾ ਸਰਵੇ ਕੀਤਾ ਜਾ ਰਿਹਾ ਸੀ, ਜਿਸ ’ਚ ੳਕਤ ਘਪਲਾ ਉੱਭਰ ਕੇ ਸਾਹਮਣੇ ਆ ਗਿਆ।
---
ਪੁੱਡਾ ਅਧਿਕਾਰੀਆਂ ਦੀ ਜਾਇਦਾਦ ਕਰਾਂਗੇ ਅਟੈਚ : ਮੇਅਰ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਅਗਲੇ ਹਫਤੇ ਪੁੱਡਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ’ਚ 25 ਕਰੋੜ ਦੇ ਘਪਲੇ ਬਾਰੇ ਚਰਚਾ ਕੀਤੀ ਜਾਏਗੀ ਤੇ 2008 ’ਚ ਜਿਹੜੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 37 ਪੁੱਡਾ ਅਪਰੂਵ ਕਾਲੋਨੀਆਂ ਦੀਆਂ 25 ਕਰੋੜ ਦੀਆਂ ਬੈਂਕ ਗਾਰੰਟੀਆਂ ਲੈਪਸ ਕਰਨ ਵਾਲੇ ਜ਼ਿੰਮੇਵਾਰੀ ਅਧਿਕਾਰੀਆਂ ਦੀਆਂ ਜਾਇਦਾਦਾਂ ਵੀ ਅਟੈਚ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਖਿਲਾਫ ਐੱਫਆਈਆਰ ਦਰਜ ਕਰਵਾਉਣ ਦੀ ਸਿਫਾਰਸ਼ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਸਾਰੀ ਸਥਿਤੀ ਸਪੱਸ਼ਟ ਕੀਤੀ ਜਾਏਗੀ। ਇਸ ਸਬੰਧੀ ਡੀਸੀ ਨੂੰ ਬਕਾਇਦਾ ਪੱਤਰ ਵੀ ਲਿਖਿਆ ਜਾਏਗਾ ਜਿਸ ’ਚ ਜ਼ਿੰਮੇਵਾਰ ਪੁੱਡਾ ਅਧਿਕਾਰੀਆਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਸਿਫਾਰਸ਼ ਕੀਤੀ ਜਾਏਗੀ। ਨਗਰ ਨਿਗਮ 25 ਕਰੋੜ ਦੀਆਂ ਬੈਂਕ ਗਾਰੰਟੀਆਂ ਦਾ ਵੀ ਕਲੇਮ ਕਰੇਗੀ।
---
ਦਸਤਾਵੇਜ਼ ਪੂਰੇ ਹੋਣ ’ਤੇ ਫ਼ੈਸਲਾ ਲਵੇਗਾ ਨਿਗਮ
ਉਕਤ ਕਰੋੜਾਂ ਰੁਪਏ ਦਾ ਘਪਲੇ ਦਾ ਪਤਾ ਲੱਗਣ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਭਵਿੱਖ ’ਚ ਨਗਰ ਨਿਗਮ ਪੁੱਡਾ ਦੀਆਂ ਅਪਰੂਵ ਕਾਲੋਨੀਆਂ ਨਹੀਂ ਲਵੇਗਾ, ਜਦੋਂ ਤੱਕ ਉਨ੍ਹਾਂ ਦੀਆਂ ਬੈਂਕ ਗਰੰਟੀਆਂ ਤੇ ਹੋਰ ਦਸਤਾਵੇਜ਼ ਪੂਰੇ ਨਹੀਂ ਹੋਣਗੇ।